Punjab News: ਸਥਾਨਕ ਸਰਕਾਰਾਂ ਮੰਤਰੀ ਨੇ ਅਧਿਕਾਰੀਆਂ ਤੋਂ ਬਰਸਾਤਾਂ ਦੇ ਸੀਜਨ ਤੋਂ ਪਹਿਲਾਂ ਸਮੁੱਚੀਆਂ ਤਿਆਰੀਆਂ ਦੀ ਰਿਪੋਰਟ ਲਈ ਅਤੇ ਅਧਿਕਾਰੀਆਂ ਨੂੰ ਸਮੇਂ ਸਿਰ ਸ਼ਹਿਰਾਂ ਦੇ ਸੀਵਰੇਜਾਂ ਦੀ ਸੁਚੱਜੀ ਸਫਾਈ ਯਕੀਨੀ ਬਣਾਉਣ ਲਈ ਕਿਹਾ।
Trending Photos
Punjab News: ਪੰਜਾਬ ਦੀ ਮਾਨ ਸਰਕਾਰ ਸੂਬੇ ਦੇ ਸ਼ਹਿਰ ਵਾਸੀਆਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਬਰਸਾਤਾਂ ਤੋਂ ਪਹਿਲਾਂ ਸੀਵਰੇਜ਼ਾਂ ਦੀ ਚੰਗੀ ਤਰ੍ਹਾਂ ਸਫਾਈ ਕਰਨੀ ਯਕੀਨੀ ਬਣਾਈ ਜਾਵੇ।
ਅੱਜ ਇੱਥੇ ਮਿਊਂਸੀਪਲ ਭਵਨ ਵਿਖੇ ਵੱਖ-ਵੱਖ ਮਿਊਂਸੀਪਲ ਕਾਰਪੋਰੇਸ਼ਨਾਂ ਦੇ ਸਬੰਧਤ ਵਿਧਾਇਕਾਂ, ਮੇਅਰਾਂ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਾ. ਰਵਜੋਤ ਸਿੰਘ ਨੇ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਮੁੱਚੇ ਪ੍ਰਗਤੀ ਅਧੀਨ ਪ੍ਰਾਜੈਕਟਾਂ ਨੂੰ ਤੈਅ ਸਮੇਂ ਸੀਮਾਂ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।
ਸਥਾਨਕ ਸਰਕਾਰਾਂ ਮੰਤਰੀ ਨੇ ਅਧਿਕਾਰੀਆਂ ਤੋਂ ਬਰਸਾਤਾਂ ਦੇ ਸੀਜਨ ਤੋਂ ਪਹਿਲਾਂ ਸਮੁੱਚੀਆਂ ਤਿਆਰੀਆਂ ਦੀ ਰਿਪੋਰਟ ਲਈ ਅਤੇ ਅਧਿਕਾਰੀਆਂ ਨੂੰ ਸਮੇਂ ਸਿਰ ਸ਼ਹਿਰਾਂ ਦੇ ਸੀਵਰੇਜਾਂ ਦੀ ਸੁਚੱਜੀ ਸਫਾਈ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਬਰਸਾਤਾਂ ਦਾ ਪਾਣੀ ਸੀਵਰੇਜ ਦੇ ਪਾਣੀ ਵਿੱਚ ਮਿਕਸ ਹੋ ਕੇ ਸੜਕਾਂ ਅਤੇ ਗਲੀਆ ਵਿੱਚ ਨਾ ਆਵੇ। ਸ਼ਹਿਰ ਵਾਸੀਆਂ ਨੂੰ ਸਾਫ ਪੀਣ ਵਾਲਾ ਪਾਣੀ ਅਤੇ ਸੁਚੱਜੇ ਸਫਾਈ ਪ੍ਰਬੰਧ ਮੁਹੱਈਆ ਕਰਵਾਉਣੇ ਯਕੀਨੀ ਬਣਾਉਣ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਨਗਰ ਨਿਗਮਾਂ ਨੂੰ ਲੋੜੀਂਦੇ ਵਿਕਾਸ ਕਾਰਜਾਂ ਸਬੰਧੀ ਮੁਕੰਮਲ ਤਜਵੀਜ਼ ਤਿਆਰ ਕਰਕੇ ਮੁੱਖ ਦਫਤਰ ਨੂੰ ਭੇਜਣ ਲਈ ਵੀ ਕਿਹਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ਨੂੰ ਸਾਫ ਸੁਥਰਾ ਅਤੇ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸ਼ਹਿਰਾਂ ਵਿੱਚ ਸੜਕਾਂ ਅਤੇ ਗਲੀਆਂ ਦੀ ਰੋਜ਼ਾਨਾ ਸਾਫ ਸਫਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਸਫਾਈ ਵਿਵਸਥਾ ਵਿੱਚ ਕਿਸੇ ਤਰ੍ਹਾਂ ਦੀ ਅਣਗਹਿਲੀ ਕੀਤੇ ਜਾਣ ਦੀ ਸੂਰਤ ਵਿੱਚ ਕਿਸੇ ਵੀ ਦੋਸ਼ੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਮੰਤਰੀ ਨੇ ਕਿਹਾ ਕਿ ਸ਼ਹਿਰਾਂ ਵਿੱਚ ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਨੂੰ ਰੋਕਣ ਲਈ ਸਮੂਹ ਅਧਿਕਾਰੀ ਆਪਣੇ-ਆਪਣੇ ਖੇਤਰ ਅਧੀਨ ਐਨੀਮਲ ਬਰਥ ਕੰਟਰੋਲ ਨੂੰ ਰੋਕਣ ਲਈ ਏ.ਬੀ.ਸੀ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ।
ਇਸ ਮੀਟਿੰਗ ਵਿੱਚ ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਡਾ. ਅਮਨਦੀਪ ਕੌਰ ਅਰੋੜਾ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਅਰੁਣ ਨਾਰੰਗ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ, ਪੀ.ਐਮ.ਆਈ.ਡੀ.ਸੀ ਦੇ ਸੀ.ਈ.ਓ ਦੀਪਤੀ ਉੱਪਲ ਅਤੇ ਸਥਾਨਕ ਸਰਕਾਰਾਂ ਵਿਭਾਗ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।