Fazilka news: ਬੀਐਸਐਫ ਨੇ ਦੱਸਿਆ ਕਿ ਪਾਕਿਸਤਾਨ ਨਾਲ ਤਿੰਨ ਵਾਰ ਫਲੈਗ ਮੀਟਿੰਗ ਹੋ ਚੁੱਕੀ ਹੈ, ਪਰ ਪਾਕ ਅਧਿਕਾਰੀਆਂ ਨੇ ਕਿਸੇ ਵੀ ਵਿਅਕਤੀ ਨੂੰ ਆਪਣੇ ਕੋਲ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ।
Trending Photos
Fazilka news: ਜਲਾਲਾਬਾਦ ਦੇ ਪਿੰਡ ਖੈਰੇ ਕੇ ਉਤਾੜ ਦੇ ਇੱਕ ਕਿਸਾਨ ਦਾ ਪੁੱਤਰ ਤਾਰ ਪਾਰ ਖੇਤੀ ਕਰਨ ਗਿਆ ਤੇ ਵਾਪਸ ਨਹੀਂ ਪਰਤਿਆ। ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਉਹ ਪਾਕਿਸਤਾਨ ਚਲਾ ਗਿਆ ਹੈ। ਉੱਥੋਂ ਮਿਲੇ ਪੈਰਾਂ ਦੇ ਨਿਸ਼ਾਨ ਵੀ ਪਾਕਿਸਤਾਨ ਵੱਲ ਜਾਣ ਦੀ ਪੁਸ਼ਟੀ ਕਰਦੇ ਹਨ।
ਅੰਮ੍ਰਿਤਪਾਲ ਸਿੰਘ, ਜੋ ਕਿ ਪਿੰਡ ਵਾਸੀ ਜਗਰਾਜ ਸਿੰਘ ਦਾ ਪੁੱਤਰ ਹੈ, 21 ਜੂਨ ਨੂੰ ਸ਼ਨੀਵਾਰ ਦੇ ਦਿਨ ਖੇਤੀ ਕਰਨ ਲਈ ਭਾਰਤ-ਪਾਕ ਤਾਰਬੰਦੀ ਪਾਰ ਆਪਣੇ ਖੇਤਾਂ ਵਿੱਚ ਗਿਆ ਸੀ, ਪਰ ਵਾਪਸ ਨਹੀਂ ਆਇਆ। ਜਦੋਂ ਬੀਐਸਐਫ ਨੇ ਗੇਟ 'ਤੇ ਹੋਈ ਆਉਣ-ਜਾਣ ਦੀ ਐਂਟਰੀ ਦੀ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਉਸ ਦੀ ਸਿਰਫ਼ ਖੇਤ ਨੂੰ ਜਾਣ ਦੀ ਐਂਟਰੀ ਹੋਈ ਸੀ, ਪਰ ਵਾਪਸੀ ਨਹੀਂ।
ਜਦੋਂ ਪਰਿਵਾਰ ਨੇ ਤਲਾਸ਼ ਸ਼ੁਰੂ ਕੀਤੀ ਤਾਂ ਤਾਰਬੰਦੀ ਪਾਰ ਪਾਕਿਸਤਾਨ ਵੱਲ ਜਾਂਦੇ ਪੈਰਾਂ ਦੇ ਨਿਸ਼ਾਨ ਮਿਲੇ, ਜਿਸ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਅੰਮ੍ਰਿਤਪਾਲ ਸਿੰਘ ਪਾਕਿਸਤਾਨ ਪਹੁੰਚ ਗਿਆ ਹੈ। ਬੀਐਸਐਫ ਨੇ ਦੱਸਿਆ ਕਿ ਪਾਕਿਸਤਾਨ ਨਾਲ ਤਿੰਨ ਵਾਰ ਫਲੈਗ ਮੀਟਿੰਗ ਹੋ ਚੁੱਕੀ ਹੈ, ਪਰ ਪਾਕ ਅਧਿਕਾਰੀਆਂ ਨੇ ਕਿਸੇ ਵੀ ਵਿਅਕਤੀ ਨੂੰ ਆਪਣੇ ਕੋਲ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ।
ਪੂਰੇ ਪਰਿਵਾਰ ਦੀ ਹਾਲਤ ਨਾਜੁਕ
ਅੰਮ੍ਰਿਤਪਾਲ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਉਸਦਾ ਚਾਰ ਮਹੀਨੇ ਦਾ ਇੱਕ ਬੱਚਾ ਵੀ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਭਾਜਪਾ ਜ਼ਿਲ੍ਹਾ ਆਗੂ ਸੁਖਵਿੰਦਰ ਸਿੰਘ ਕਾਕਾ ਕੰਬੋਜ ਵੀ ਪਰਿਵਾਰ ਨੂੰ ਮਿਲਣ ਪਹੁੰਚੇ ਹਨ ਅਤੇ ਬੀਐਸਐਫ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ।
ਪੁਲਿਸ ਵੱਲੋਂ ਜਾਂਚ ਸ਼ੁਰੂ
ਗੁਰੂਹਰਸਾਹੈ ਥਾਣੇ ਦੇ ਐਸਐਚਓ ਜਸਵਿੰਦਰ ਸਿੰਘ ਬਰਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਐਸਐਫ ਅਤੇ ਪਰਿਵਾਰ ਵੱਲੋਂ ਲਿਖਤੀ ਰੂਪ ਵਿੱਚ ਸੂਚਨਾ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।