Anandpur Sahib News: ਮੁੱਖਮੰਤਰੀ ਨਾਇਬ ਸੈਣੀ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਗਈ।
Trending Photos
Anandpur Sahib News(ਬਿਮਲ ਕੁਮਾਰ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਖਾਲਸਾ ਸਾਜਨਾ ਦਿਵਸ ਮੌਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਹਨਾਂ ਵੱਲੋਂ ਗੁਰੂ ਚਰਨਾਂ ਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਕੇਸਗੜ੍ਹ ਸਾਹਿਬ ਵਿਖੇ ਓਹਨਾ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ ਤੇ ਓਹਨਾ ਕਰੀਬ 10 ਮਿੰਟ ਕੇਸਗੜ੍ਹ ਸਾਹਿਬ ਕੀਰਤਨ ਵੀ ਸਰਵਣ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਉਹ ਖਾਲਸਾ ਸਾਜਨਾ ਦਿਵਸ ਦੀ ਵਸਾਖੀ ਦੇ ਮੌਕੇ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਏ ਹਨ ਅਤੇ ਉਹਨਾਂ ਦੇ ਦਿਲ ਨੂੰ ਬੇਹਦ ਖੁਸ਼ੀ ਮਿਲੀ ਹੈ।। ਉਹਨਾਂ ਕਿਹਾ ਕਿ ਇਹ ਉਹ ਅਸਥਾਨ ਹੈ ਜਿਸ ਅਸਥਾਨ ਤੇ ਸਰਬੰਸਦਾਨੀ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਸੀ ਅਤੇ ਸਮੁੱਚੀ ਮਾਨਵਤਾ ਨੂੰ ਜਬਰ ਤੇ ਜ਼ੁਲਮ ਦਾ ਟਾਕਰਾ ਕਰਨ ਦੀ ਪ੍ਰੇਰਨਾ ਦਿੱਤੀ ਗਈ ਸੀ।।
ਉਹਨਾਂ ਕਿਹਾ ਕਿ ਅੱਜ ਇਸ ਦੇ ਨਾਲ ਹੀ ਵਿਸਾਖੀ ਦਾ ਦਿਹਾੜਾ ਹੈ ਅਤੇ ਸੰਨ 1919 ਵਿੱਚ ਵਿਸਾਖੀ ਵਾਲੇ ਦਿਨ ਹੀ ਜਲਿਆਂਵਾਲਾ ਬਾਗ ਵਿਖੇ ਘੱਲੂਘਾਰਾ ਵਾਪਰਿਆ ਸੀ। ਤੇ ਉਹ ਅੱਜ ਦੇ ਇਸ ਵਿਸ਼ੇਸ਼ ਦਿਹਾੜੇ ਤੇ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਨ ਤੇ ਉਹਨਾਂ ਨੂੰ ਨਮਨ ਕਰਦੇ ਹਨ।
ਨਾਈਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਤਰੱਕੀ ਕਰ ਰਿਹਾ ਹੈ ਅਤੇ ਉਹ ਅਰਦਾਸ ਕਰਦੇ ਹਨ ਕਿ ਹਰਿਆਣਾ ਅਤੇ ਪੰਜਾਬ ਵੀ ਦੋਨੋਂ ਹਮੇਸ਼ਾ ਖੁਸ਼ਹਾਲੀ ਦੇ ਰਾਹ ਤੇ ਰਹਿਣ।
ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹਨਾਂ ਦੀਆਂ ਪੰਜਾਬ ਵਿੱਚ ਰਿਸ਼ਤੇਦਾਰੀਆਂ ਹਨ ਅਤੇ ਭਗਵੰਤ ਮਾਨ ਵੀ ਉਹਨਾਂ ਦੇ ਰਿਸ਼ਤੇਦਾਰ ਹਨ ਇਸ ਲਈ ਉਹ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ।
ਉਹਨਾਂ ਕਿਹਾ ਕਿ ਹਰਿਆਣਾ ਵਿੱਚ 2 ਲੱਖ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਤੇ ਕੱਚੇ ਕਾਮਿਆਂ ਨੂੰ ਵੱਡੀ ਗਿਣਤੀ ਵਿੱਚ ਪੱਕਾ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਖਾਲਸਾ ਸਾਜਨਾ ਦਿਵਸ ਮੌਕੇ ਉਹ ਪੰਜਾਬ ਦੇ ਅਤੇ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਨੌਜਵਾਨ ਗੁਰੂ ਸਾਹਿਬ ਦੇ ਦੱਸੇ ਉਪਦੇਸ਼ ਤੇ ਚੱਲਦਿਆਂ ਨਸ਼ਿਆਂ ਨੂੰ ਤਿਆਗਣ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਉਪਰੰਤ ਉਹਨਾਂ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਗਈ।