Ferozepur News: ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਨਸ਼ਾ ਵਿਰੋਧੀ ਅਭਿਆਨ ਤਹਿਤ ਕੀਤੀ ਗਈ, ਜਿਸਦਾ ਮਕਸਦ ਨਸ਼ਾ ਤਸਕਰਾਂ ਦੀਆਂ ਨਾਜਾਇਜ਼ ਜਾਇਦਾਦਾਂ ਖ਼ਤਮ ਕਰਨਾ ਹੈ।
Trending Photos
Ferozepur News: ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸ਼ੇਰਖਾ 'ਚ ਨਸ਼ਾ ਤਸਕਰਾਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਸਰਕਾਰੀ ਪੰਚਾਇਤੀ ਜ਼ਮੀਨ ਦੇ 10 ਮਰਲੇ 'ਤੇ ਨਾਜਾਇਜ਼ ਤੌਰ 'ਤੇ ਬਣਾਈ ਗਈ ਦੋ ਮੰਜ਼ਿਲਾ ਮਹਲ ਨੁਮਾ ਕੋਠੀ ਨੂੰ JCB ਦੀ ਮਦਦ ਨਾਲ ਤੋੜ ਦਿੱਤਾ ਗਿਆ।
ਐਸ.ਐਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਕੋਠੀ ਸੁਖਦੇਵ ਸਿੰਘ ਸੁੱਖਾ ਅਤੇ ਗੁਰਮੁਖ ਸਿੰਘ ਉਰਫ਼ ਈਲੂ ਵੱਲੋਂ ਬਣਾਈ ਗਈ ਸੀ, ਜੋ ਕਿ ਮਾਮਲਿਆਂ ਦੇ ਰਿਕਾਰਡ ਅਨੁਸਾਰ ਪਹਿਲਾਂ ਵੀ ਨਸ਼ਾ ਤਸਕਰੀ ਨਾਲ ਸਬੰਧਤ ਕਈ ਕੇਸਾਂ 'ਚ ਫੜੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਮਹਿੰਗੀ ਕੋਠੀ ਨਸ਼ੇ ਦੀ ਕਮਾਈ ਨਾਲ ਅਤੇ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਕੇ ਬਣਾਈ ਗਈ ਸੀ।
ਤਹਿਸੀਲਦਾਰ ਹਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੁੱਲ 15 ਮਰਲੇ ਜ਼ਮੀਨ ਵਿੱਚੋਂ 10 ਮਰਲੇ ਉੱਤੇ ਨਾਜਾਇਜ਼ ਤੌਰ 'ਤੇ ਇਮਾਰਤ ਬਣਾਈ ਗਈ ਸੀ। ਇਸ ਸੰਬੰਧੀ ਪੁਰਵ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਅੱਜ ਪੋਜ਼ੈਸ਼ਨ ਲੈ ਕੇ ਭੰਨਤੋੜ ਦੀ ਕਾਰਵਾਈ ਕੀਤੀ ਗਈ।
ਦੂਜੇ ਪਾਸੇ, ਦੋਸ਼ੀਆਂ ਦੇ ਵਕੀਲ ਵੱਲੋਂ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਨੂੰ ਅਪੀਲ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਸਿਰਫ਼ ਕਬਜ਼ਾ ਹੀ ਲਿਆ ਜਾਵੇ, ਇਮਾਰਤ ਨੂੰ ਨਾ ਤੋੜਿਆ ਜਾਵੇ।