Ferozepur News: ਇਸ ਮੌਕੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ 08 ਸਕੂਲੀ ਵਾਹਨਾਂ ਦੇ ਚਲਾਨ ਕੱਟੇ ਗਏ।
Trending Photos
Ferozepur News(ਰੋਹਿਤ ਬਾਂਸਲ): ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਅਤੇ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ (ਆਈ.ਏ.ਐਸ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਪੱਧਰ 'ਤੇ ਬਣਾਈ ਗਈ ਟਾਸਕ ਫੋਰਸ ਟੀਮ ਦੇ ਮੈਬਰਾਂ ਵੱਲੋਂ ਗੁਰੂ ਰਾਮਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਰਮਾਨਪੁਰਾ ਵਿਖੇ ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਇਸ ਮੌਕੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ 08 ਸਕੂਲੀ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਦੌਰਾਨ ਸਹਾਇਕ ਟਰਾਂਸਪੋਰਟ ਅਫਸਰ ਰਾਕੇਸ਼ ਕੁਮਾਰ ਬਾਂਸਲ ਵੱਲੋਂ ਸਕੂਲੀ ਵਾਹਨਾਂ ਦੇ ਡਰਾਇਵਰਾਂ ਨੂੰ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਬੱਚਿਆਂ ਦੀ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਈ ਜਾਵੇ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਬਲਜਿੰਦਰ ਕੌਰ ਵੱਲੋਂ ਸਮੇਂ-ਸਮੇਂ 'ਤੇ ਸਕੂਲ ਪ੍ਰਿੰਸੀਪਲ ਅਤੇ ਡਰਾਇਵਰ ਨੂੰ ਸੇਫ ਸਕੂਲ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਸਕੂਲ ਵਾਹਨ ਵਿਚ ਮੁਢਲੀਆਂ ਸਹੂਲਤਾ ਜਿਵੇਂ ਸੀ.ਸੀ.ਟੀ.ਵੀ ਕੈਮਰਾ, ਬੱਸ ਦੀਆਂ ਦੋਵਾ ਸਾਇਡਾ ਤੇ ਖਿੜਕੀ ਤੇ ਲੋਹੇ ਦੀ ਗਰਿੰਲ ਲੱਗੀ ਹੋਣਾ, ਫਸਟ ਏਡ ਬਾਕਸ, ਸਮੇਂ-ਸਮੇਂ ਤੇ ਫਸਟ ਏਡ ਬਾਕਸ ਚੈੱਕ ਕਰਨਾ, ਲੇਡੀ ਕਡੰਕਟਰ ਦਾ ਹੋਣਾ, ਡਰਾਇਵਰ ਕੋਲ ਡਰਾਇਵਰੀ ਹੈਵੀ ਲਾਇਸੰਸ, ਵਾਹਨ ਵਿੱਚ ਸਪੀਡ ਗਵਰਨ ਲੱਗਾ ਹੋਣਾ, ਸਕੂਲ ਵਾਹਨ ਦਾ ਰੰਗ ਪੀਲਾ ਹੋਣਾ, ਸਕੂਲ ਵਾਹਨ ਦਾ ਫਿਟਨੈਂਸ ਸਰਟੀਫਿਕੇਟ ਹੋਣਾ, ਅੱਗ ਬੁਝਾਊ ਯੰਤਰ, ਸਕੂਲ ਵਾਹਨ ਉਪਰ ਸਕੂਲ ਦਾ ਨਾਮ ਲਿਖਿਆ ਹੋਣਾ ਆਦਿ ਦਾ ਹੋਣਾ ਲਾਜਮੀ ਹੈ।
ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਦਾ ਵੀ ਫਰਜ ਬਣਦਾ ਹੈ ਕਿ ਉਹ ਵੀ ਸਕੂਲ ਵਾਹਨ ਅੰਦਰ ਇੰਨ੍ਹਾ ਸਹੂਲਤਾਂ ਦੀ ਨਜਰਸਾਨੀ ਕਰਨ ਅਤੇ ਕਿਸੇ ਪ੍ਰਕਾਰ ਦੀ ਕਮੀ ਹੋਣ ਤੇ ਸਕੂਲ ਦੇ ਪ੍ਰਿੰਸੀਪਲ ਦੇ ਧਿਆਨ ਵਿਚ ਲਿਆਉਣ। ਬੱਚਿਆਂ ਦੀ ਚੰਗੀ ਸੁਰੱਖਿਆ ਦੁਆਰਾ ਹੀ ਉਨ੍ਹਾਂ ਦੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ।