Fazilka News: ਬੱਲੂਆਣਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕੀਤਾ ਪ੍ਰਦਰਸ਼ਨ, ਦਾਣਾ ਮੰਡੀ ਵਿਖੇ ਭਾਜਪਾ ਸੂਬਾ ਪ੍ਰਧਾਨ ਦਾ ਫੂਕਿਆ ਪੁਤਲਾ, ਬੋਲੇ ਮਾਫੀ ਮੰਗਣ ਸੁਨੀਲ ਜਾਖੜ
Trending Photos
Fazilka News (ਸੁਨੀਲ ਨਾਗਪਾਲ): ਅਬੋਹਰ ਦੇ ਵਿੱਚ ਵੱਡੇ ਕੱਪੜਾ ਵਪਾਰੀ ਸੰਜੇ ਵਰਮਾ ਦੀ 7 ਜੁਲਾਈ ਨੂੰ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ l ਜਿਸ ਤੇ ਹੁਣ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸ ਮਾਮਲੇ ਵਿੱਚ ਹਤਿਆਰੇ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਪਰ ਇਸ ਮਾਮਲੇ ਨੂੰ ਲੈ ਕੇ ਇੱਕ ਦੂਜੇ ਤੇ ਸਿਆਸੀ ਵਾਰ ਪਲਟਵਾਰ ਦਾ ਸਿਲਸਿਲਾ ਜਾਰੀ ਹੈ।
ਬੱਲੂਆਣਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਵੱਲੋਂ ਅੱਜ ਅਬੋਹਰ ਦੀ ਦਾਣਾ ਮੰਡੀ ਵਿਖੇ ਆਪਣੇ ਵਰਕਰਾਂ ਦੇ ਨਾਲ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਇਲਜ਼ਾਮ ਲਾਏ ਕਿ ਬੀਤੇ ਦਿਨੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸੰਜੇ ਵਰਮਾ ਹੱਤਿਆਕਾਂਡ ਮਾਮਲੇ ਨੂੰ ਲੈ ਕੇ ਤੰਜ ਕੱਸਿਆ ਗਿਆ ਕਿ ਅਸਲੀ ਗੈਂਗਸਟਰ ਉਹ ਨੇ ਜੋ ਵਿਧਾਨਸਭਾ ਦੇ ਵਿੱਚ ਚਿੱਟੇ ਕੁੜਤੇ ਪਜਾਮੇ ਪਾ ਕੇ ਸ਼ਰਧਾਂਜਲੀ ਦਿੰਦੇ ਨੇ ਅਤੇ ਉਹ ਵਰਮਾ ਪਰਿਵਾਰ ਤੋਂ ਮਹੀਨਾ ਤੇ ਫਿਰੋਤੀਆਂ ਲੈਂਦੇ ਹਨ।
ਉਹਨਾਂ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਹ ਦੋਸ਼ ਸਿੱਧੇ ਅਸਿੱਧੇ ਤੌਰ ਤੇ ਉਹਨਾਂ ਉੱਪਰ ਲਾਇਆ ਗਿਆ ਹੈ l ਹਾਲਾਂਕਿ ਇਸ ਮਾਮਲੇ ਵਿੱਚ ਸੰਜੇ ਵਰਮਾ ਹੱਤਿਆਕਾਂਡ ਤੋਂ ਬਾਅਦ ਆਰਜੂ ਬਿਸ਼ਨੋਈ ਨਾਂਅ ਦੇ ਸ਼ਖ਼ਸ ਦੇ ਅਕਾਊਂਟ ਤੋਂ ਇਸ ਹੱਤਿਆ ਦੀ ਜਿੰਮੇਵਾਰੀ ਲੈਣ ਦੀ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਜਿਸ ਤੋਂ ਬਾਅਦ MLA ਅਮਨਦੀਪ ਗੋਲਡੀ ਮੁਸਾਫ਼ਰ ਦੀ ਫੋਟੋ ਆਰਜੂ ਬਿਸ਼ਨੋਈ ਨਾਮ ਦੇ ਸ਼ਖਸ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀl ਜਿਸ ਨੂੰ ਉਹ ਆਡੈਂਟੀਫਾਈ ਨਹੀਂ ਕਰਦੇl
ਜਿਸ 'ਤੇ ਵਿਧਾਇਕ ਗੋਲਡੀ ਮੁਸਾਫਰ ਨੇ ਕਿਹਾ ਕਿ ਅਗਰ ਇਹ ਦੋਸ਼ ਉਹਨਾਂ ਤੇ ਸਾਬਤ ਹੋ ਜਾਣ ਤਾਂ ਉਹ ਆਪਣਾ ਅਸਤੀਫਾ ਨਾਲ ਲੈ ਕੇ ਆਏ ਨੇ ਜੋ ਵਿਧਾਨ ਸਭਾ ਸਪੀਕਰ ਨੂੰ ਦੇਣਗੇ ਅਤੇ ਪਾਰਟੀ ਤੋਂ ਵੀ ਅਸਤੀਫਾ ਦੇ ਦੇਣਗੇ। ਅਗਰ ਦੋਸ਼ ਸਾਬਤ ਨਾ ਹੋਏ ਤਾਂ ਸੁਨੀਲ ਜਾਖੜ ਜਨਤਕ ਤੌਰ ਤੇ ਮਾਫੀ ਮੰਗਣਗੇ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਸ 'ਤੇ ਕੋਈ ਵੀ ਪ੍ਰਤਿਕ੍ਰਿਆ ਨਾ ਆਉਂਦੇ ਵੇਖ ਅੱਜ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਵੱਲੋਂ ਇਹ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਸੁਨੀਲ ਜਾਖੜ ਤੋਂ ਜਨਤਕ ਤੌਰ ਤੇ ਮਾਫੀ ਮੰਗਣ ਦੀ ਮੰਗ ਕੀਤੀ ਜਾ ਰਹੀ ਹੈ।