Khanna News: ਰੇਖਾ ਅਤੇ ਅਰੁਣ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਚੋਰੀ ਦੇ ਸੱਤ ਮਾਮਲਿਆਂ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਵਿੱਚ ਚੋਰੀ ਕੀਤੇ ਮੋਬਾਈਲ ਫੋਨ, ਗਹਿਣੇ, ਅਤੇ ਹੋਰ ਸਮਾਨ ਸ਼ਾਮਲ ਹਨ।
Trending Photos
Khanna News: ਖੰਨਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅਰੁਣ ਗੈਂਗ ਦੀ ਸਾਥਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਉਸ ਵਾਰਦਾਤ ਦੀ ਕੜੀ ਹੈ ਜਿੱਥੇ ਬੀਤੇ ਕੱਲ੍ਹ ਪਹਿਲਾਂ ਇੱਕ ਮੁਕਾਬਲੇ ਦੌਰਾਨ ਅਰੁਣ ਕੁਮਾਰ ਨਾਂ ਦਾ ਇੱਕ ਨਸ਼ੇੜੀ ਅਤੇ ਅਪਰਾਧੀ ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋ ਗਿਆ ਸੀ। ਗ੍ਰਿਫ਼ਤਾਰ ਕੀਤੀ ਗਈ ਔਰਤ ਦੀ ਪਛਾਣ ਮੰਡੀ ਗੋਬਿੰਦਗੜ੍ਹ ਦੀ ਸੰਤ ਕਲੋਨੀ ਵਾਸੀ ਰੇਖਾ ਵਜੋਂ ਹੋਈ ਹੈ, ਜੋ ਚੋਰੀ ਅਤੇ ਲੁੱਟ ਦੇ ਮਾਮਲਿਆਂ ਵਿਚ ਅਰੁਣ ਦੀ ਨਜ਼ਦੀਕੀ ਸਾਥਣ ਸੀ।
ਫੇਰੀ ਵਾਲੀ ਦੇ ਭੇਸ 'ਚ ਅਪਰਾਧੀ
ਪੁਲਿਸ ਦੀ ਜਾਂਚ ਅਨੁਸਾਰ, ਰੇਖਾ ਦਿਨ ਵੇਲੇ ਕੱਪੜੇ ਵੇਚਣ ਵਾਲੀ ਫੇਰੀ ਵਾਲੀ ਬਣੀ ਫਿਰਦੀ ਸੀ, ਪਰ ਰਾਤ ਨੂੰ ਉਹ ਚੋਰੀ ਦੇ ਗੇੜ ਚਲਾ ਰਹੀ ਸੀ। ਉਨ੍ਹਾਂ ਚੋਰੀਆਂ ਵਿਚੋਂ ਕਰਤਾਰ ਨਗਰ ''ਚੋਂ ਚੋਰੀ ਕੀਤੇ ਗਹਿਣੇ ਅਰੁਣ ਨੇ ਰੇਖਾ ਨੂੰ ਵੇਚੇ ਸਨ, ਜਿਸ ਬਾਅਦ ਅਰੁਣ ਨੇ ਨਸ਼ੇ ਲਈ ਉਹਨਾਂ ਪੈਸਿਆਂ ਦੀ ਵਰਤੋਂ ਕੀਤੀ। ਐਸਐਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਅਰੁਣ ਨੇ ਪੁਲਿਸ ਪੁੱਛਗਿੱਛ ਦੌਰਾਨ ਰੇਖਾ ਦਾ ਨਾਮ ਲਿਆ, ਜਿਸ ''ਤੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਵਿਚ ਰੇਖਾ ਨੇ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਪੁਲਿਸ ਨੇ ਉਸ ਤੋਂ ਸੋਨੇ ਦੀਆਂ ਵਾਲੀਆਂ, ਚਾਂਦੀ ਦੇ ਬਰੇਸਲੇਟ ਅਤੇ ਹੋਰ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਅਰੁਣ ਪੁਲਿਸ ਨੂੰ ਗੁਮਰਾਹ ਕਰਦਿਆਂ ਮਿਲਟਰੀ ਗਰਾਊਂਡ ਨੇੜੇ ਇੱਕ ਖੰਡਰ ਇਮਾਰਤ ''ਚ ਲੈ ਗਿਆ ਸੀ। ਉੱਥੇ ਉਸਨੇ ਜ਼ਮੀਨ ਵਿੱਚ ਲੁਕਾਇਆ ਪਿਸਤੌਲ ਕੱਢ ਕੇ ਪੁਲਿਸ ਉੱਤੇ ਗੋਲੀ ਚਲਾਈ ਸੀ, ਜੋ ਕੰਧ ''ਚ ਲੱਗੀ ਸੀ। ਜਵਾਬੀ ਗੋਲੀਬਾਰੀ ਵਿੱਚ ਐਸਐਚਓ ਤਰਵਿੰਦਰ ਬੇਦੀ ਨੇ ਫਾਇਰ ਕਰਕੇ ਅਰੁਣ ਨੂੰ ਲੱਤ ''ਚ ਗੋਲੀ ਮਾਰੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ। ਉਸਦਾ ਇਲਾਜ ਸਿਵਲ ਹਸਪਤਾਲ ਖੰਨਾ ''ਚ ਚੱਲ ਰਿਹਾ ਹੈ।
ਚੋਰੀ ਦੇ ਸੱਤ ਮਾਮਲੇ ਹੱਲ
ਰੇਖਾ ਅਤੇ ਅਰੁਣ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਚੋਰੀ ਦੇ ਸੱਤ ਮਾਮਲਿਆਂ ਦਾ ਪਰਦਾਫਾਸ਼ ਕੀਤਾ ਹੈ। ਇਨ੍ਹਾਂ ਵਿੱਚ ਚੋਰੀ ਕੀਤੇ ਮੋਬਾਈਲ ਫੋਨ, ਗਹਿਣੇ, ਅਤੇ ਹੋਰ ਸਮਾਨ ਸ਼ਾਮਲ ਹਨ। ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਅਰੁਣ ਨੂੰ ਇਹ 32 ਬੋਰ ਦਾ ਪਿਸਤੌਲ ਕਿੱਥੋਂ ਮਿਲਿਆ ਅਤੇ ਕੀ ਉਹ ਕਿਸੇ ਹੋਰ ਗੰਭੀਰ ਅਪਰਾਧ ਵਿੱਚ ਵਰਤਿਆ ਗਿਆ ਸੀ। ਐਸਐਸਪੀ ਜੋਤੀ ਯਾਦਵ ਨੇ ਕਿਹਾ ਕਿ ਅਰੁਣ ਦੇ ਠੀਕ ਹੋਣ ਤੋਂ ਬਾਅਦ ਉਸਨੂੰ ਦੁਬਾਰਾ ਰਿਮਾਂਡ ''ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਨਾਲ ਹੀ, ਰੇਖਾ ਤੋਂ ਗੈਂਗ ਦੇ ਹੋਰ ਮੈਂਬਰਾਂ ਦੀ ਜਾਣਕਾਰੀ ਵੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦਾ ਮਕਸਦ ਪੂਰੇ ਗੈਂਗ ਨੂੰ ਬੇਨਕਾਬ ਕਰਨਾ ਅਤੇ ਹਰ ਸ਼ਾਮਲ ਵਿਅਕਤੀ ਨੂੰ ਕਾਨੂੰਨੀ ਘੇਰੇ ਵਿੱਚ ਲਿਆਉਣਾ ਹੈ।