Nangal News: ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਤੇਂਦੂਏ ਨੂੰ ਜਾਲ ਵਿੱਚ ਫਸਾ ਲਿਆ ਤੇ ਪਿੰਜਰੇ ਵਿੱਚ ਪਾ ਕੇ ਨੰਗਲ ਦੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਦਫਤਰ ਪਹੁੰਚਾ ਦਿੱਤਾ।
Trending Photos
Nangal News(ਬਿਮਲ ਕੁਮਾਰ): ਨੰਗਲ ਸ਼ਹਿਰ ਦੇ ਵਾਰਡ ਨੰਬਰ 1 ਵਿੱਚ ਪਿਛਲੇ ਕਈ ਦਿਨਾਂ ਤੋਂ ਦਹਿਸ਼ਤ ਦਾ ਕਾਰਨ ਬਣੇ ਤੇਂਦੂਏ ਨੂੰ ਅਖੀਰਕਾਰ ਜੰਗਲੀ ਜੀਵ ਵਿਭਾਗ ਦੀ ਟੀਮ ਨੇ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਬੇਹੋਸ਼ ਕਰ ਕਾਬੂ ਕਰ ਲਿਆ। ਇਹ ਤੇਂਦੂਆ ਭਾਖੜਾ ਡੈਮ ਦੇ ਮੁੱਖ ਮਾਰਗ 'ਤੇ ਇੱਕ ਦਰਖਤ ਉੱਤੇ ਚੜ੍ਹ ਕੇ ਬੈਠ ਗਿਆ ਸੀ।
ਦਰਖਤ 'ਤੇ ਚੜ੍ਹਿਆ ਤੇਂਦੂਆ, ਇਲਾਕੇ 'ਚ ਦਹਿਸ਼ਤ
ਤੇਂਦੂਏ ਦੀ ਮੌਜੂਦਗੀ ਨਾਲ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਵੱਲੋਂ ਜੰਗਲੀ ਜੀਵ ਵਿਭਾਗ ਅਤੇ ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ ਗਈ। ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਪਰ ਟਰੈਂਕੁਲਾਈਜ਼ਰ ਗਨ ਰੋਪੜ ਤੋਂ ਆਉਣ 'ਚ ਦੇਰੀ ਹੋਈ, ਜਿਸ ਕਰਕੇ ਕਾਰਵਾਈ ਵਿੱਚ ਵੀ ਸਮਾਂ ਲੱਗਾ।
ਇੱਕ ਹੀ ਟਰੈਂਕ ਸ਼ਾਟ ਨਾਲ ਕਾਬੂ
ਜਦੋਂ ਗੰਨ ਮੌਕੇ 'ਤੇ ਪਹੁੰਚੀ, ਵਿਭਾਗ ਦੇ ਕਰਮਚਾਰੀ ਨੇ ਬੀਬੀਐਮਬੀ ਦੀ ਫਾਇਰ ਬ੍ਰਿਗੇਡ ਦੀ ਗੱਡੀ 'ਤੇ ਚੜ੍ਹ ਕੇ ਦਰਖਤ 'ਤੇ ਬੈਠੇ ਤੇਂਦੂਏ ਨੂੰ ਟਰੈਂਕੂਲਾਈਜ਼ਰ ਸ਼ਾਟ ਮਾਰਿਆ। ਇਕ ਹੀ ਨਿਸ਼ਾਨੇ 'ਚ ਤੇਂਦੂਆ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ। ਹੇਠਾਂ ਖੜੀ ਟੀਮ ਨੇ ਜਾਲ ਦੀ ਮਦਦ ਨਾਲ ਤੁਰੰਤ ਉਸਨੂੰ ਕਾਬੂ ਕਰ ਲਿਆ।
ਇਲਾਜ ਉਪਰੰਤ ਜੰਗਲ ਵਿੱਚ ਛੱਡਿਆ ਜਾਵੇਗਾ
ਜ਼ਖਮੀ ਤੇਂਦੂਏ ਨੂੰ ਜੰਗਲੀ ਜੀਵ ਵਿਭਾਗ ਨੰਗਲ ਦੇ ਦਫਤਰ ਲਿਜਾਇਆ ਗਿਆ, ਜਿੱਥੇ ਉਸ ਦਾ ਡਾਕਟਰੀ ਇਲਾਜ ਕੀਤਾ ਜਾ ਰਿਹਾ ਹੈ। ਵਿਭਾਗ ਨੇ ਦੱਸਿਆ ਕਿ ਇਸ ਦੀ ਉਮਰ ਲਗਭਗ ਇੱਕ ਸਾਲ ਹੈ ਅਤੇ ਇਲਾਜ ਤੋਂ ਬਾਅਦ ਇਸਨੂੰ ਜੰਗਲ ਜਾਂ ਸੈਂਚੁਰੀ ਵਿੱਚ ਛੱਡਿਆ ਜਾਵੇਗਾ।
ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਲੋਕਾਂ ਨੇ ਵੇਖਿਆ ਤੇਂਦੂਆ
ਇਸ ਤੋਂ ਪਹਿਲਾਂ ਵੀ ਇਹ ਤੇਂਦੂਆ ਕਈ ਵਾਰੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕਾ ਸੀ, ਪਰ ਕਾਬੂ ਨਹੀਂ ਆ ਰਿਹਾ ਸੀ। ਸਥਾਨਕ ਲੋਕਾਂ ਨੇ ਕਈ ਵਾਰੀ ਇਸਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਹਮੇਸ਼ਾ ਇਹ ਬਚ ਜਾਂਦਾ ਸੀ।