Mohali News: ਮੋਹਾਲੀ ਵਿੱਚ 24 ਘੰਟਿਆਂ ਦੇ ਅੰਦਰ ਦੋ ਵੱਖ-ਵੱਖ ਥਾਵਾਂ 'ਤੇ ਪਾਣੀ ਵਿੱਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਪਿੰਡ ਬਾਕਰਪੁਰ ਵਿਖੇ ਟੋਭੇ ਦੀ ਮੁਰੰਮਤ ਲਈ ਪੱਟੇ ਗਏ ਖੱਡੇ ਵਿੱਚ ਭਰੇ ਬਰਸਾਤੀ ਪਾਣੀ ਵਿੱਚ ਡੁੱਬਣ ਨਾਲ 9 ਸਾਲਾ ਬੱਚੇ ਦੀ ਹੋਈ ਮੌਤ।
Trending Photos
Mohali News (ਮਨੀਸ਼ ਸ਼ੰਕਰ): ਮੋਹਾਲੀ ਦੇ ਐਰੋਸਿਟੀ ਥਾਣਾ ਅਧੀਨ ਆਉਂਦੇ ਪਿੰਡ ਬਾਕਰਪੁਰ ਵਿੱਚ ਇੱਕ 9 ਸਾਲਾ ਬੱਚੇ ਦੀ ਟੋਭੇ ਦੀ ਮੁਰੰਮਤ ਲਈ ਪੱਟੇ ਗਏ ਖੱਡੇ ਵਿੱਚ ਭਰੇ ਬਰਸਾਤੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਹਰੀ ਸ਼ੰਕਰ ਦੇ ਪਿਤਾ ਰਾਮਚੰਦਰ ਇੱਕ ਦਿਹਾੜੀਦਾਰ ਹਨ ਅਤੇ ਉਸਦੀ ਮਾਂ ਆਰਤੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਟੋਭੇ ਦੀ ਮੁਰੰਮਤ ਦਾ ਕੰਮ 20 ਦਿਨ ਪਹਿਲਾਂ ਸ਼ੁਰੂ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਹਰੀ ਸ਼ੰਕਰ ਇੱਕ ਸਰਕਾਰੀ ਸਕੂਲ ਵਿੱਚ ਪਹਿਲੀ ਜਮਾਤ ਦਾ ਵਿਦਿਆਰਥੀ ਸੀ।
ਇਸ ਤੋਂ ਪਹਿਲਾਂ ਮੋਹਾਲੀ ਦੇ ਸੈਕਟਰ 119 ਗੇਟਵੇ ਸਿਟੀ ਵਿਖੇ ਅੱਠ ਸਾਲਾ ਲੜਕੀ ਅਰਾਧਿਆ ਅਤੇ 11 ਸਾਲਾ ਲੜਕਾ ਆਰਿਅਨ ਦੀ ਵੀ ਬਰਸਾਤੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਸਿਵਲ ਹਸਪਤਾਲ ਫੇਜ਼-6 ਵਿੱਚ ਕੀਤਾ ਗਿਆ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਅੱਠ ਸਾਲਾ ਲੜਕੀ ਅਰਾਧਿਆ ਟੋਏ ਵਿੱਚ ਭਰੇ ਪਾਣੀ ਵਿੱਚ ਨਹਾਉਣ ਗਈ ਸੀ। ਉਹ ਡੂੰਘਾਈ ਵਿੱਚ ਚਲੀ ਗਈ ਅਤੇ ਡੁੱਬਣ ਲੱਗੀ ਆਰੀਅਨ ਘਰ ਦੇ ਬਾਹਰ ਉਸਨੂੰ ਦੇਖ ਰਿਹਾ ਸੀ, ਉਹ ਉਸਨੂੰ ਬਚਾਉਣ ਲਈ ਗਿਆ ਪਰ ਜਦੋਂ ਆਰੀਅਨ ਅਰਾਧਿਆ ਕੋਲ ਪਹੁੰਚਿਆ ਤਾਂ ਅਰਾਧਿਆ ਨੇ ਉਸਨੂੰ ਫੜ ਲਿਆ ਅਤੇ ਦੋਵੇਂ ਪਾਣੀ ਵਿੱਚ ਡੁੱਬ ਗਏ। ਆਰੀਅਨ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਉਸਦੀ ਭੈਣ ਨੇ ਉਸਨੂੰ ਡੁੱਬਦੇ ਦੇਖਿਆ ਅਤੇ ਆਪਣੇ ਪਿਤਾ ਨੂੰ ਦੱਸਿਆ। ਜਦੋਂ ਤੱਕ ਲੋਕ ਉਨ੍ਹਾਂ ਨੂੰ ਬਚਾਉਣ ਲਈ ਪਹੁੰਚੇ, ਉਦੋਂ ਤੱਕ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਇਹਨਾਂ ਦੋਨੋਂ ਹੀ ਘਟਨਾਵਾਂ ਵਾਲੀਆਂ ਥਾਵਾਂ ਦਾ ਕੋਈ ਜਾਇਜਾ ਨਹੀਂ ਲਿਆ ਗਿਆ ਹੈ। ਜਿਸ ਕਰਕੇ ਮ੍ਰਿਤਕ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਵਿੱਚ ਭਾਰੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ।