NIA Raid: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਅੱਜ ਸਵੇਰੇ ਇੱਕ ਵਾਰ ਫਿਰ ਪੰਜਾਬ ਵਿੱਚ ਵੱਡੀ ਕਾਰਵਾਈ ਕੀਤੀ। ਇੱਕੋ ਸਮੇਂ ਕਈ ਥਾਵਾਂ ਉਤੇ ਛਾਪੇਮਾਰੀ ਕੀਤੀ।
Trending Photos
NIA Raid: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਅੱਜ ਸਵੇਰੇ ਇੱਕ ਵਾਰ ਫਿਰ ਪੰਜਾਬ ਵਿੱਚ ਵੱਡੀ ਕਾਰਵਾਈ ਕੀਤੀ। ਇੱਕੋ ਸਮੇਂ ਕਈ ਥਾਵਾਂ ਉਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਜਲੰਧਰ ਦੀ ਫਰੈਂਡਜ਼ ਕਲੋਨੀ ਅਤੇ ਉੜਮੁੜ ਕਸਬੇ ਦੇ ਦੋ ਵੱਖ-ਵੱਖ ਘਰਾਂ ‘ਤੇ ਕੀਤੀ ਗਈ, ਜਿਸ ਨਾਲ ਦੋਵਾਂ ਇਲਾਕਿਆਂ ਵਿੱਚ ਹੜਕੰਪ ਮਚ ਗਿਆ। ਇਸ ਤੋਂ ਇਲਾਵਾ ਮਾਨਸਾ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਐਨਆਈਏ ਟੀਮ ਨੇ ਉੜਮੁੜ ਦੇ ਗੜ੍ਹੀ ਮੁਹੱਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਘਰ ਛਾਪਾ ਮਾਰਿਆ, ਜੋ ਇਸ ਸਮੇਂ ਵਿਦੇਸ਼ ਵਿੱਚ ਰਹਿ ਰਿਹਾ ਹੈ। ਇਸ ਦੇ ਨਾਲ ਹੀ, ਏਜੰਸੀ ਨੇ ਉਸੇ ਕਸਬੇ ਦੇ ਇੱਕ ਹੋਰ ਨੌਜਵਾਨ ਦੇ ਘਰ ਵੀ ਕਾਰਵਾਈ ਕੀਤੀ। ਟੀਮ ਨੇ ਦੋਵਾਂ ਥਾਵਾਂ ‘ਤੇ ਡੂੰਘਾਈ ਨਾਲ ਪੁੱਛਗਿੱਛ ਅਤੇ ਤਲਾਸ਼ੀ ਮੁਹਿੰਮ ਚਲਾਈ।
ਐਨਆਈਏ ਨੇ ਜਲੰਧਰ ‘ਚ ਸਵੇਰੇ-ਸਵੇਰੇ ਇੱਕ ਘਰ ‘ਚ ਛਾਪਾ ਮਾਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, NIA ਦੀ ਟੀਮ ਨੇ ਸਵੇਰੇ 6 ਵਜੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੀ ਟੀਮ ਨੇ ਇਹ ਕਾਰਵਾਈ ਫਰੈਂਡਜ਼ ਕਲੋਨੀ ਵਿੱਚ ਕੀਤੀ ਹੈ, ਜਿੱਥੇ ਇੱਕ ਵਿਅਕਤੀ ਕਿਰਾਏ ਉਤੇ ਰਹਿ ਰਿਹਾ ਹੈ। ਇਸ ਦੌਰਾਨ ਐਨਆਈਏ ਦੀ ਟੀਮ ਦੇ ਨਾਲ ਪੰਜਾਬ ਪੁਲਿਸ ਵੀ ਮੌਜੂਦ ਹੈ। ਇਸ ਮਾਮਲੇ ਵਿੱਚ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।
ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਐਨਆਈਏ ਨੇ ਇਹ ਛਾਪੇਮਾਰੀ ਕਿਸ ਮਾਮਲੇ ਵਿੱਚ ਕੀਤੀ ਹੈ ਤੇ ਇਸ ਘਰ ਦਾ ਮਾਲਕ ਕੌਣ ਹੈ। ਐਨਆਈਏ ਦੀ ਟੀਮ ਪੁੱਛ-ਗਿੱਛ ਕਰ ਰਹੀ ਹੈ। ਜਿਸ ਘਰ ਵਿੱਚ ਰੇਡ ਹੋਈ ਹੈ, ਉੱਥੇ ਕਿਸੇ ਨੂੰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਪੁਲਿਸ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਤੋਂ ਪੁੱਛ-ਗਿੱਛ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਲੰਬੇ ਸਮੇਂ ਤੋਂ ਕਿਰਾਏ ਉਤੇ ਰਹਿ ਰਿਹਾ ਹੈ। ਫਰੈਂਡਜ਼ ਕਲੋਨੀ ਵਿੱਚ ਇਸ ਵਿਅਕਤੀ ਨੂੰ ਜਾਣਨ ਵਾਲੇ ਲੋਕਾਂ ਤੋਂ ਵੀ ਪੁੱਛ-ਗਿੱਛ ਕੀਤਾ ਜਾ ਰਹੀ ਹੈ। ਪੁਲਿਸ ਉਨ੍ਹਾਂ ਤੋਂ ਵੀ ਜਾਂਚ ਕਰ ਰਹੀ ਹੈ। ਘਰ ਦੇ ਬਾਹਰ ਪੁਲਿਸ ਫੋਰਸ ਵੀ ਤਾਇਨਾਤ ਹੈ। ਇਸ ਮਾਮਲੇ ‘ਚ ਐਨਆਈਏ ਜਲਦੀ ਹੀ ਕੋਈ ਖੁਲਾਸਾ ਕਰ ਸਕਦੀ ਹੈ।
ਐਨਆਈਏ ਨੇ ਮਾਨਸਾ ਦੇ ਬੁਢਲਾਡਾ ਕਸਬੇ ਵਿੱਚ ਯੂਟਿਊਬਰ ਸੁਖਬੀਰ ਸਿੰਘ ਦੇ ਘਰ ਛਾਪਾ ਮਾਰਿਆ। ਯੂਟਿਊਬਰ ਘਰ ਨਾ ਮਿਲਣ ਕਾਰਨ ਐਨਆਈਏ ਦੀ ਟੀਮ ਨੇ 1:30 ਘੰਟੇ ਘਰ ਦੀ ਤਲਾਸ਼ੀ ਲਈ ਅਤੇ ਫਿਰ ਵਾਪਸ ਆ ਗਈ। ਯੂਟਿਊਬਰ ਨੂੰ ਐਨਆਈਏ ਦੇ ਚੰਡੀਗੜ੍ਹ ਦਫ਼ਤਰ ਆਉਣ ਲਈ ਕਿਹਾ ਗਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਐਨਆਈਏ ਦੀ ਟੀਮ ਨੇ ਯੂਟਿਊਬਰ ਸੁਖਬੀਰ ਸਿੰਘ ਦੀ ਪਾਕਿਸਤਾਨ ਦੇ ਸ਼ਹਿਜ਼ਾਦ ਭੱਟੀ ਨਾਲ ਗੱਲਬਾਤ ਕਾਰਨ ਛਾਪਾ ਮਾਰਿਆ।