Samyukt Kisan Morcha: ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਖੇਤੀ ਖੇਤਰ ਸਮੇਤ ਵਪਾਰ ਸਬੰਧੀ ਮੁਕਤ ਸਮਝੌਤੇ ਲਈ ਭਾਰਤ ਸਰਕਾਰ ਤੇ ਦਬਾਓ ਪਾਉਣ ਦੀ ਨੀਅਤ ਨਾਲ ਖੇਡੀ ਜਾ ਰਹੀ ਕੂਟਨੀਤੀ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਭਾਰਤ ਸਰਕਾਰ ਨੂੰ ਅਗਾਊ ਚੇਤਾਵਨੀ ਦਿੱਤੀ ਹੈ।
Trending Photos
Samyukt Kisan Morcha: ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਖੇਤੀ ਖੇਤਰ ਸਮੇਤ ਵਪਾਰ ਸਬੰਧੀ ਮੁਕਤ ਸਮਝੌਤੇ ਲਈ ਭਾਰਤ ਸਰਕਾਰ ਤੇ ਦਬਾਓ ਪਾਉਣ ਦੀ ਨੀਅਤ ਨਾਲ ਖੇਡੀ ਜਾ ਰਹੀ ਕੂਟਨੀਤੀ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਭਾਰਤ ਸਰਕਾਰ ਨੂੰ ਅਗਾਊ ਚੇਤਾਵਨੀ ਦਿੱਤੀ ਹੈ ਕਿ ਦੇਸ਼ ਦੇ ਖੇਤੀ ਖੇਤਰ ਸਮੇਤ ਲੋਕਾਂ ਦੇ ਹਿੱਤਾਂ ਨੂੰ ਅਮਰੀਕਨ ਸਾਮਰਾਜੀ ਬਹੁਕੌਮੀ ਕੰਪਨੀਆਂ ਅੱਗੇ ਗਹਿਣੇ ਧਰਨ ਦੇ ਕਿਸੇ ਵੀ ਦੇਸ਼ ਵਿਰੋਧੀ ਸਮਝੌਤੇ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ।
ਵਰਣਨਯੋਗ ਹੈ ਕਿ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਪਾਰ ਮੰਤਰੀ ਹਾਵਰਡ ਲੁੱਟਨਿਕ ਵੱਲੋਂ ਭਾਰਤ ਸਰਕਾਰ ਤੇ ਮੁਕਤ ਵਪਾਰ ਸਮਝੌਤੇ ਲਈ ਲਗਾਤਾਰ ਦਬਾਓ ਪਾਇਆ ਜਾ ਰਿਹਾ ਹੈ ਅਮਰੀਕਾ ਦੀ ਅੱਖ ਭਾਰਤ ਦੇ ਵਿਸ਼ਾਲ ਖੇਤੀ ਖੇਤਰ ਅਤੇ ਅਨਾਜ ਦੇ ਵਪਾਰ ਨੂੰ ਕੰਟਰੋਲ ਹੇਠ ਕਰਨ ਦੀ ਹੈ।
ਅੱਜ ਇੱਥੇ ਕਿਸਾਨ ਭਵਨ ਵਿਖੇ ਐਸਕੇਐਮ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਭੰਗੂ ਅਤੇ ਰਾਮਿੰਦਰ ਸਿੰਘ ਪਟਿਆਲਾ ਨੇ ਕੀਤੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦੀ ਅਮਰੀਕਾ ਫੇਰੀ ਦੌਰਾਨ ਇਹ ਸਮਝੌਤਾ ਸਿਰੇ ਚਾੜਨ ਦੀ ਕਵਾਇਦ ਕੀਤੀ ਜਾ ਰਹੀ ਹੈ। ਅਜਿਹਾ ਕੋਈ ਵੀ ਸਮਝੌਤਾ ਦੇਸ਼ ਦੇ ਖੇਤੀ ਖੇਤਰ ਅਤੇ ਕਿਸਾਨਾਂ ਲਈ ਤਬਾਹਕੁੰਨ ਸਾਬਤ ਹੋਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਤਹਿਤ ਅਨਾਜ ਦੇ ਵਪਾਰ ਦੀਆਂ ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਪਹਿਲਾਂ ਹੀ ਭਾਰਤ ਦੇ ਖੇਤੀ ਖੇਤਰ ਤੇ ਅਨਾਜ ਦੇ ਕਾਰੋਬਾਰ ਉੱਪਰ ਗਿਰਝਾਂ ਵਾਂਗ ਮੰਡਰਾ ਰਹੀਆਂ ਹਨ। ਕੇਂਦਰ ਦੀ ਮੋਦੀ ਸਰਕਾਰ ਸਾਮਰਾਜੀ ਅਤੇ ਕਾਰਪੋਰੇਟ ਦੇ ਦਬਾਓ ਥੱਲੇ ਹੀ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਲੈ ਕੇ ਆਈ ਸੀ ਜਿਨਾਂ ਨੂੰ ਕਿਸਾਨਾਂ ਦੇ ਜ਼ੋਰਦਾਰ ਸੰਘਰਸ਼ ਕਾਰਨ ਵਾਪਸ ਲੈਣਾ ਪਿਆ ਸੀ ਹੁਣ ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ ਦੇ ਰੂਪ ਵਿੱਚ ਮੁੜ ਤੋਂ ਯਤਨ ਕੀਤੇ ਜਾ ਰਹੇ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਅਮਰੀਕਾ ਵੱਲੋਂ ਦਬਾਓ ਪਾ ਕੇ ਆਪਣੀਆਂ ਖੇਤੀ ਉਪਜਾਂ ਨੂੰ ਭਾਰਤ ਦੀ ਮੰਡੀ ਵਿੱਚ ਸੁੱਟ ਕੇ ਇਥੋਂ ਦੇ ਕਿਸਾਨਾਂ ਦੀ ਪੈਦਾਵਾਰ ਨੂੰ ਰੋਲਣ ਦੀਆਂ ਕੋਸ਼ਿਸ਼ਾਂ ਤਹਿਤ ਭਾਰਤ ਸਰਕਾਰ ਦੀ ਬਾਂਹ ਮਰੋੜੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਸਮਝੌਤੇ ਨੂੰ ਪਰਵਾਨ ਨਹੀਂ ਕਰਨਗੇ।