Khanna News: ਖੰਨਾ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਆਪਣੇ ਲਾਪਰਵਾਹ ਰਵੱਈਏ ਕਾਰਨ ਸੁਰਖੀਆਂ ਵਿੱਚ ਆ ਗਿਆ ਹੈ।
Trending Photos
Khanna News: ਖੰਨਾ ਦਾ ਸਰਕਾਰੀ ਹਸਪਤਾਲ ਇੱਕ ਵਾਰ ਫਿਰ ਆਪਣੇ ਲਾਪਰਵਾਹ ਰਵੱਈਏ ਕਾਰਨ ਸੁਰਖੀਆਂ ਵਿੱਚ ਆ ਗਿਆ ਹੈ। ਸੋਮਵਾਰ ਰਾਤ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਗਰਭਵਤੀ ਔਰਤ ਨੂੰ ਦਰਦ ਨਾਲ ਤੜਫਦਾ ਦੇਖ ਕੇ ਵੀ ਡਾਕਟਰ ਨੇ ਮੁੱਢਲੀ ਸਹਾਇਤਾ ਦੇਣ ਦੀ ਬਜਾਏ ਉਸਨੂੰ ਦੋ ਘੰਟੇ ਤਕ ਬਿਨਾਂ ਇਲਾਜ ਛੱਡ ਦਿੱਤਾ ਅਤੇ ਰੈਫਰ ਕਰ ਦਿੱਤਾ।
ਖੰਨਾ ਵਾਸੀ ਔਰਤ ਜੋ ਪਿਛਲੇ 9 ਮਹੀਨੇ ਤੋਂ ਖੰਨਾ ਹਸਪਤਾਲ ਵਿੱਚ ਇਲਾਜ ਲੈ ਰਹੀ ਸੀ, ਨੂੰ ਉਸਦੇ ਪਰਿਵਾਰਕ ਮੈਂਬਰ ਸਾਢੇ 7 ਵਜੇ ਦੇ ਕਰੀਬ ਹਸਪਤਾਲ ਲੈ ਕੇ ਆਏ ਸੀ। ਔਰਤ ਦਰਦ ਨਾਲ ਬੇਹਾਲ ਸੀ। ਐਮਰਜੈਂਸੀ ਵਾਰਡ ਵਿੱਚ ਮੌਜੂਦ ਡਾ. ਅਮਰਪ੍ਰੀਤ ਨੇ ਮਹਿਲਾ ਰੋਗ ਮਾਹਿਰ ਨਾਲ ਫੋਨ ਉੱਤੇ ਗੱਲ ਕਰਕੇ ਸਿੱਧਾ ਜਵਾਬ ਦਿੱਤਾ ਕਿ ਇੱਥੇ ਡਿਲੀਵਰੀ ਨਹੀਂ ਹੋ ਸਕਦੀ ਅਤੇ ਔਰਤ ਨੂੰ ਪਟਿਆਲਾ ਰੈਫਰ ਕੀਤਾ ਜਾ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਹਸਪਤਾਲ ਕੋਲ ਔਰਤ ਨੂੰ ਭੇਜਣ ਲਈ ਐਂਬੂਲੈਂਸ ਵੀ ਉਪਲਬਧ ਨਹੀਂ ਸੀ।
ਉਥੇ ਹੀ ਪਰਿਵਾਰ ਵਾਲਿਆਂ ਦਾ ਗੁੱਸਾ ਫੁੱਟ ਪਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਪਿਛਲੇ 9 ਮਹੀਨੇ ਤੋਂ ਇਥੇ ਹੀ ਇਲਾਜ ਹੋ ਰਿਹਾ ਸੀ ਤਾਂ ਅਖੀਰ ਡਿਲੀਵਰੀ ਦੇ ਸਮੇਂ ਕਿਉਂ ਹੱਥ ਖੜ੍ਹੇ ਕਰ ਦਿੱਤੇ ਗਏ? ਹੰਗਾਮਾ ਵਧਦਾ ਦੇਖ ਕੇ ਅਕਾਲੀ ਦਲ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਹਸਪਤਾਲ ਪਹੁੰਚੇ ਅਤੇ ਡਾਕਟਰਾਂ ਨਾਲ ਗੱਲ ਕੀਤੀ ਪਰ ਕੋਈ ਹੱਲ ਨਾ ਨਿਕਲਿਆ। ਇਸ ਦੌਰਾਨ ਪਰਿਵਾਰ ਨੂੰ ਕਿਹਾ ਗਿਆ ਕਿ ਪ੍ਰਾਈਵੇਟ ਐਂਬੂਲੈਂਸ ਦਾ ਪ੍ਰਬੰਧ ਕਰਕੇ ਔਰਤ ਨੂੰ ਪਟਿਆਲਾ ਲੈ ਜਾਓ।
ਪਰਿਵਾਰ ਅਤੇ ਸਥਾਨਕ ਲੋਕਾਂ ਦੇ ਵਿਰੋਧ ਮਗਰੋਂ ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਖੁਦ ਹਸਪਤਾਲ ਪਹੁੰਚੇ। ਉਨ੍ਹਾਂ ਨੇ ਖੁਦ ਆਪ੍ਰੇਸ਼ਨ ਕਰਨ ਦੇ ਭਰੋਸੇ ਉਪਰ ਪਰਿਵਾਰ ਨੂੰ ਸ਼ਾਂਤ ਕੀਤਾ ਅਤੇ ਬੱਚਿਆਂ ਦੇ ਮਾਹਿਰ ਇਕ ਪ੍ਰਾਈਵੇਟ ਡਾਕਟਰ ਨੂੰ ਵੀ ਬੁਲਾਇਆ ਗਿਆ। ਆਪ੍ਰੇਸ਼ਨ ਤੋਂ ਬਾਅਦ ਮਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਪਰ ਨਵਜਨਮੀ ਬੱਚੀ ਦੀ ਹਾਲਤ ਨਾਜ਼ੁਕ ਹੈ ਅਤੇ ਉਸਨੂੰ ਹੋਰ ਇਲਾਜ ਲਈ ਰੈਫਰ ਕਰ ਦਿੱਤਾ ਗਿਆ।
ਇਸ ਘਟਨਾ ਨੇ ਖੰਨਾ ਹਸਪਤਾਲ ਦੀ ਕਾਰਗੁਜ਼ਾਰੀ ਉਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਨੇ ਇਨ੍ਹਾਂ ਹਾਲਾਤ ਨੂੰ ਹਸਪਤਾਲ ਪ੍ਰਬੰਧਕੀ ਦੀ "ਮਾਨਵਤਾ ਤੇ ਦਾਗ" ਕਰਾਰ ਦਿੱਤਾ ਹੈ। ਉਥੇ ਹੀ ਡਾ. ਅਮਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਔਰਤ ਦੀ ਹਾਲਤ ਦੇਖਦੇ ਹੋਏ ਰੈਫਰ ਕੀਤਾ ਗਿਆ ਸੀ ਪਰ ਪਰਿਵਾਰ ਵਾਲੇ ਰਾਜ਼ੀ ਨਹੀਂ ਹੋਏ। ਹਾਲਾਂਕਿ ਹੰਗਾਮੇ ਮਗਰੋਂ ਐਸਐਮਓ ਨੇ ਆਪ੍ਰੇਸ਼ਨ ਕੀਤਾ।
ਪਰਿਵਾਰ ਦੀ ਮੰਗ; ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇ
ਪਰਿਵਾਰ ਨੇ ਸਾਫ਼ ਕਿਹਾ ਕਿ ਜੇ ਐਸਐਮਓ ਦੇ ਦਖ਼ਲ ਤੋਂ ਬਿਨਾਂ ਔਰਤ ਨੂੰ ਪਟਿਆਲਾ ਭੇਜਿਆ ਜਾਂਦਾ ਤਾਂ ਕਿਸੇ ਵੱਡੀ ਦੁਰਘਟਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਮੰਗ ਕੀਤੀ ਕਿ ਹਸਪਤਾਲ ਅਮਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਹੋਰ ਕਿਸੇ ਮਰੀਜ਼ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਨਾ ਹੋਵੇ।