Amritsar News: ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ਵਿੱਚੋਂ ਸੱਤ ਪਿਸਤੌਲ ਅਤੇ 1.5 ਲੱਖ ਰੁਪਏ ਬਰਾਮਦ ਕਰਨ ਤੋਂ ਇਲਾਵਾ ਹਥਿਆਰਾਂ ਦੀ ਤਸਕਰੀ ਲਈ ਵਰਤੀ ਜਾ ਰਹੀ ਉਸਦੀ ਮਹਿੰਦਰਾ ਥਾਰ ਗੱਡੀ ਨੂੰ ਵੀ ਜ਼ਬਤ ਕਰ ਲਿਆ ਸੀ।
Trending Photos
Amritsar News: ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ, ਪੰਜਾਬ ਪੁਲਿਸ ਵੱਲੋਂ ਫਰਾਰ ਮੁਲਜ਼ਮ ਜੋਧਬੀਰ ਸਿੰਘ ਉਰਫ਼ ਜੋਧਾ, ਜੋ ਕਿ ਪਾਕਿਸਤਾਨ-ਅਧਾਰਤ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਲੋੜੀਂਦਾ ਹੈ, ਦੀ ਲਗਾਤਾਰ ਭਾਲ ਦੇ ਨਤੀਜੇ ਵਜੋਂ ਅੰਮ੍ਰਿਤਸਰ ਵਿੱਚ ਉਸਦੇ ਕਿਰਾਏ ਦੇ ਟਿਕਾਣੇ ਤੋਂ 5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਇਹ ਸਫਲਤਾ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਜੋਧਬੀਰ ਦੇ ਸਾਥੀ ਅਭਿਸ਼ੇਕ ਕੁਮਾਰ ਵਾਸੀ ਪਿੰਡ ਮੀਰਾਂਕੋਟ ਕਲਾਂ, ਅੰਮ੍ਰਿਤਸਰ ਜੋ ਆਪਣੇ ਆਸਟ੍ਰੇਲੀਆ ਸਥਿਤ ਹੈਂਡਲਰ ਜੱਸਾ ਦੇ ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਸੀ, ਨੂੰ ਗ੍ਰਿਫ਼ਤਾਰ ਕਰਨ ਤੋਂ ਚਾਰ ਦਿਨ ਬਾਅਦ ਹਾਸਲ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਸਥਿਤ ਹੈਂਡਲਰ ਜੱਸਾ ਅਤੇ ਉਸਦੇ ਸਾਥੀ - ਜਿਨ੍ਹਾਂ ਦੇ ਪਾਕਿਸਤਾਨ ਅਧਾਰਤ ਤਸਕਰਾਂ ਨਾਲ ਸਬੰਧ ਹਨ - ਮੁਲਜ਼ਮ ਜੋਧਬੀਰ ਨੂੰ ਹੈਰੋਇਨ ਦੀ ਖੇਪ ਪ੍ਰਾਪਤ ਕਰਨ ਅਤੇ ਇਸ ਨੂੰ ਅੱਗੇ ਵੱਖ-ਵੱਖ ਥਾਵਾਂ 'ਤੇ ਡਿਲੀਵਰ ਕਰਨ ਦੇ ਨਿਰਦੇਸ਼ ਦੇ ਰਹੇ ਸਨ।
ਉਨ੍ਹਾਂ ਕਿਹਾ ਕਿ ਹੋਰ ਖੁਫੀਆ ਜਾਣਕਾਰੀ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਦੋਸ਼ੀ ਜੋਧਬੀਰ ਸਿੰਘ ਨਸ਼ੀਲੇ ਪਦਾਰਥਾਂ ਦੇ ਪੈਸੇ ਇਕੱਠੇ ਕਰਕੇ ਹਵਾਲਾ ਰਾਹੀਂ ਪਾਕਿਸਤਾਨ ਭੇਜਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀ, ਜੋ ਕਿ ਅਜੇ ਵੀ ਫਰਾਰ ਹੈ, ਹੁਣ ਨਸ਼ੀਲੇ ਪਦਾਰਥਾਂ ਅਤੇ ਹਥਿਆਰ ਤਸਕਰੀ ਦੇ ਦੋਹਰੇ ਗਠਜੋੜ ਵਿੱਚ ਸ਼ਾਮਲ ਹੈ।
ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਡੀਜੀਪੀ ਨੇ ਕਿਹਾ ਕਿ ਦੋਸ਼ੀ ਜੋਧਬੀਰ ਦੀ ਭਾਲ ਦੌਰਾਨ, ਸੀਆਈ ਅੰਮ੍ਰਿਤਸਰ ਪੁਲਿਸ ਟੀਮਾਂ ਨੂੰ ਇਤਲਾਹ ਮਿਲੀ ਕਿ ਦੋਸ਼ੀ ਨੇ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ’ਤੇ ਵਰਿੰਦਾਵਨ ਗਾਰਡਨ ਕਲੋਨੀ ਵਿੱਚ ਕਿਰਾਏ ‘ਤੇ ਰਿਹਾਇਸ਼ ਰੱਖੀ ਹੈ, ਜਿੱਥੇ ਉਸਨੇ ਵੱਡੀ ਮਾਤਰਾ ਵਿੱਚ ਹੈਰੋਇਨ ਛੁਪਾਈ ਹੈ ਅਤੇ ਕਿਰਾਏ ਦੇ ਮਕਾਨ ਨੂੰ ਸੁਰੱਖਿਅਤ ਪਨਾਹਗਾਹ ਵਜੋਂ ਵੀ ਵਰਤ ਰਿਹਾ ਹੈ।
ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਟੀਮਾਂ ਨੇ ਘਰ ’ਤੇ ਛਾਪਾ ਮਾਰਿਆ ਅਤੇ ਘਰ ਤੋਂ 5 ਕਿਲੋ ਹੈਰੋਇਨ ਸਮੇਤ ਕਰੰਸੀ ਗਿਣਨ ਵਾਲੀ ਮਸ਼ੀਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ, ਜਦੋਂ ਕਿ ਦੋਸ਼ੀ ਜੋਧਬੀਰ ਫਰਾਰ ਹੈ। ਉਨ੍ਹਾਂ ਕਿਹਾ, ‘‘ਪੁਲਿਸ ਟੀਮਾਂ ਦੋਸ਼ੀ ਜੋਧਬੀਰ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।’’
ਇਸ ਸਬੰਧੀ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21, 25, 27-ਏ ਅਤੇ 29 ਤਹਿਤ ਇੱਕ ਨਵਾਂ ਮਾਮਲਾ ਐਫਆਈਆਰ ਨੰਬਰ 27 ਮਿਤੀ 30-04-2025 ਦਰਜ ਕੀਤਾ ਗਿਆ ਹੈ।