Pathankot Accident: ਪਠਾਨਕੋਟ ਵਿੱਚ ਮਲਿਕਪੁਰ ਚੌਕ ਕੋਲ ਬੱਸ ਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਟੱਕਰ ਵਿੱਚ ਕਾਰ ਤੇ ਬੱਸ ਕਾਫੀ ਨੁਕਸਾਨੀਆਂ ਗਈਆਂ ਹਨ।
Trending Photos
Pathankot Accident: ਪਠਾਨਕੋਟ ਵਿੱਚ ਮਲਿਕਪੁਰ ਚੌਕ ਕੋਲ ਬੱਸ ਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਟੱਕਰ ਵਿੱਚ ਕਾਰ ਤੇ ਬੱਸ ਕਾਫੀ ਨੁਕਸਾਨੀਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਬੱਸ ਤੇਜ਼ ਰਫਤਾਰ ਹੋਣ ਕਾਰਨ ਹਾਦਸੇ ਵਾਪਰਿਆ ਹੈ। ਬੱਸ ਡਰਾਈਵਵਰ ਫ਼ਰਾਰ ਹੈ, ਜਿਸ ਦੀ ਤਲਾਸ਼ ਜਾਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਦੀਨਾਨਗਰ ਦੇ ਪਿੰਡ ਘੁੱਲਾ ਬ੍ਰਾਹਮਣਾ ਦੇ ਨੌਜਵਾਨ ਸਰਪੰਚ ਅਤੇ ਉਸਦੇ ਚਚੇਰੇ ਭਰਾ ਦੀ ਮੌਤ ਹੋ ਗਈ। ਹਾਦਸੇ ਦੀ ਖ਼ਬਰ ਫੈਲਦਿਆਂ ਹੀ ਖੇਤਰ ਅੰਦਰ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਕੇਸ਼ਵ ਆਨੰਦ ਕਿਸ਼ੋਰ (35) ਪੁੱਤਰ ਕਮਲ ਕਿਸ਼ੋਰ, ਜੋ ਕਿ ਪਿੰਡ ਘੁੱਲਾ ਬ੍ਰਾਹਮਣਾ ਦਾ ਮੌਜੂਦਾ ਸਰਪੰਚ ਸੀ ਅਤੇ ਆਮ ਆਦਮੀ ਪਾਰਟੀ ਦਾ ਅਹੁਦੇਦਾਰ ਵੀ ਸੀ, ਲੰਘੀ ਰਾਤ ਅਪਣੇ ਚਚੇਰੇ ਭਰਾ ਹਰਸ਼ (28) ਪੁੱਤਰ ਭਾਰਤੀ ਸ਼ਰਮਾ ਵਾਸੀ ਘੁੱਲਾ ਬ੍ਰਾਹਮਣਾ ਨਾਲ ਅਪਣੀ ਕਾਰ ਨੰਬਰ ਪੀਬੀ 06 ਏਐਕਸ 9103 ਤੇ ਸਵਾਰ ਹੋ ਕੇ ਕਿਸੇ ਕੰਮ ਲਈ ਪਠਾਨਕੋਟ ਜਾ ਰਿਹਾ ਸੀ।
ਜਿਵੇਂ ਹੀ ਕੇਸ਼ਵ ਅਤੇ ਉਸਦਾ ਚਚੇਰਾ ਭਰਾ ਮਲਕਪੁਰ ਚੌਕ ਦੇ ਨੇੜੇ ਪੁੱਜੇ ਤਾਂ ਪਿੱਛੋਂ ਆਈ ਇਕ ਤੇਜ਼ ਰਫਤਾਰ ਟੂਰਿਸਟ ਬੱਸ ਯੂਪੀ 14ਏਟੀ 3561 ਨੇ ਕਾਰ ਨੂੰ ਅਪਣੀ ਲਪੇਟ ਵਿੱਚ ਲੈ ਲਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਸਰਪੰਚ ਕੇਸ਼ਵ ਆਨੰਦ ਕਿਸ਼ੋਰ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਹਰਸ਼ ਨੂੰ ਨੇੜੇ ਦੇ ਐਸਕੇਆਰ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਪਰ ਕਰੀਬ 15 ਮਿੰਟ ਮਗਰੋਂ ਉਸਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਫਿਲਹਾਲ ਘਟਨਾ ਦੇ ਸਬੰਧ ਵਿੱਚ ਮਲਕਪੁਰ ਥਾਣੇ ਦੀ ਪੁਲਿਸ ਨੇ ਐੱਫਆਈਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਨੌਜਵਾਨ ਸਰਪੰਚ ਕੇਸ਼ਵ ਆਨੰਦ ਕਿਸ਼ੋਰ ਦੀ ਮੌਤ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਇਲਾਵਾ ਆਮ ਆਦਮੀ ਪਾਰਟੀ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਕਿਹਾ ਕਿ ਸਰਪੰਚ ਕੇਸ਼ਵ ਆਨੰਦ ਕਿਸ਼ੋਰ ਇਕ ਜੁਝਾਰੂ ਨੌਜਵਾਨ ਸੀ, ਜਿਸਦੀ ਮੌਤ ਨਾਲ ਪਿਆ ਘਾਟਾ ਕਦੇ ਵੀ ਪੂਰਿਆ ਨਹੀਂ ਜਾ ਸਕਦਾ।