Meet Hayer on Operation Sindoor: ਮੀਤ ਹੇਅਰ ਨੇ ਸਭ ਤੋਂ ਪਹਿਲਾਂ ਫੌਜੀ ਸੈਨਿਕਾਂ ਨੂੰ ਸਿਜਦਾ ਕਰਦਿਆਂ ਉਨ੍ਹਾਂ ਵੱਲੋਂ ਦਿਖਾਈ ਬਹਾਦਰੀ ਨੂੰ ਯਾਦ ਕਰਦਿਆਂ ਕਿਹਾ ਕਿ ਪਾਕਿਸਤਾਨ ਨਾਲ ਲੜੀ ਜਾ ਰਹੀ ਜੰਗ ਦੌਰਾਨ ਵਿਸ਼ਵ ਗੁਰੂ ਅਖਵਾਉਣ ਵਾਲੇ ਦੇਸ਼ ਦੀ ਮੱਦਦ ਉਤੇ ਕੋਈ ਵੀ ਮੁਲਕ ਨਹੀਂ ਆਇਆ।
Trending Photos
Meet Hayer on Operation Sindoor: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦ ਚ ਆਪ੍ਰੇਸ਼ਨ ਸੰਧੂਰ ਉੱਤੇ ਚੱਲ ਰਹੀ ਬਹਿਸ ਵਿੱਚ ਹਿੱਸਾ ਲੈਂਦਿਆ ਕੌਮਾਂਤਰੀ ਸਰਹੱਦ ਉੱਤੇ ਲੱਗੀ ਜੰਗ ਦੌਰਾਨ ਫੇਲ੍ਹ ਸਾਬਤ ਹੋਈ ਵਿਦੇਸ਼ ਨੀਤੀ ਦਾ ਮੁੱਦਾ ਉਠਾਇਆ।
ਮੀਤ ਹੇਅਰ ਨੇ ਸਭ ਤੋਂ ਪਹਿਲਾਂ ਫੌਜੀ ਸੈਨਿਕਾਂ ਨੂੰ ਸਿਜਦਾ ਕਰਦਿਆਂ ਉਨ੍ਹਾਂ ਵੱਲੋਂ ਦਿਖਾਈ ਬਹਾਦਰੀ ਨੂੰ ਯਾਦ ਕਰਦਿਆਂ ਕਿਹਾ ਕਿ ਪਾਕਿਸਤਾਨ ਨਾਲ ਲੜੀ ਜਾ ਰਹੀ ਜੰਗ ਦੌਰਾਨ ਵਿਸ਼ਵ ਗੁਰੂ ਅਖਵਾਉਣ ਵਾਲੇ ਦੇਸ਼ ਦੀ ਮੱਦਦ ਉਤੇ ਕੋਈ ਵੀ ਮੁਲਕ ਨਹੀਂ ਆਇਆ। ਚੀਨ ਤੇ ਤੁਰਕੀ ਜਿੱਥੇ ਖੁੱਲ਼੍ਹੇਆਮ ਪਾਕਿਸਤਾਨ ਦੀ ਮੱਦਦ ਉੱਤੇ ਸਨ ਉੱਥੇ ਕੌਮਾਂਤਰੀ ਮੁਦਰਾ ਫੰਡ (ਆਈ.ਐਮ.ਐਫ.) ਨੇ ਪਾਕਿਸਤਾਨ ਨੂੰ ਉਸੇ ਵੇਲੇ ਵਿੱਤੀ ਮੱਦਦ ਮਨਜ਼ੂਰ ਕੀਤੀ। ਵਿਦੇਸ਼ੀ ਮੁਲਕਾਂ ਦੇ ਦੌਰੇ ਉੱਤੇ ਗਏ ਭਾਰਤੀ ਸੰਸਦ ਮੈਂਬਰਾਂ ਦੇ ਵਫ਼ਦ ਨੂੰ ਇੱਕਾ-ਦੁੱਕਾ ਮੁਲਕਾਂ ਨੂੰ ਛੱਡ ਕੇ ਬਾਕੀ ਮੁਲਕਾਂ ਦਾ ਕੋਈ ਕੈਬਨਿਟ ਮੰਤਰੀ ਵੀ ਨਹੀਂ ਮਿਲਿਆ।
ਮੀਤ ਹੇਅਰ ਨੇ ਕੇਂਦਰ ਸਰਕਾਰ ਦੀ ਗ਼ੈਰ ਸੰਜੀਦਗੀ ਦਾ ਮਾਮਲਾ ਉਠਾਉਂਦਿਆਂ ਕਿਹਾ ਕਿ ਕਿਸੇ ਵੇਲੇ ਛੋਟੀ ਜਿਹਾ ਰੇਲ ਹਾਦਸਾ ਹੋਣ ਉੱਤੇ ਰੇਲ ਮੰਤਰੀ ਨੈਤਿਕ ਆਧਾਰ ਉਤੇ ਅਸਤੀਫਾ ਦੇ ਦਿੰਦਾ ਸੀ ਪ੍ਰੰਤੂ ਭਾਰਤੀ ਖੁਫੀਆ ਤੰਤਰ ਦੀ ਲਾਪਰਵਾਹੀ ਨਾਲ ਇੰਨੇ ਵੱਡੇ ਅਤਿਵਾਦੀ ਹਮਲੇ ਵਿੱਚ 26 ਜਾਨਾਂ ਚਲੀਆਂ ਗਈਆਂ ਪਰ ਸਰਕਾਰ ਵਿੱਚ ਕਿਸੇ ਦਾ ਅਸਤੀਫਾ ਤਾਂ ਦੂਰ ਦੀ ਗੱਲ, ਕਿਸੇ ਨੇ ਜ਼ਿੰਮੇਵਾਰੀ ਤੱਕ ਨਾ ਕਬੂਲੀ।
ਲੋਕ ਸਭਾ ਮੈਂਬਰ ਨੇ ਕਿਹਾ ਕਿ ਰੱਖਿਆ ਮੰਤਰੀ ਤੇ ਗ੍ਰਹਿ ਮੰਤਰੀ ਦੀਆਂ ਲੰਬੀਆਂ ਤਕਰੀਰਾਂ ਵਿੱਚ ਦੇਸ਼ ਦੇ ਆਮ ਲੋਕਾਂ ਵੱਲੋਂ ਉਠਾਏ ਜਾ ਰਹੇ ਕਿਸੇ ਵੀ ਸਵਾਲ ਦਾ ਜਵਾਬ ਤੱਕ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਬਾਕੀ ਮੁਲਕ ਨੇ ਤਾਂ ਸੋਸ਼ਲ ਮੀਡੀਆ ਜਾਂ ਟੀਵੀ ਉਪਰ ਜੰਗ ਦੇ ਹਾਲਾਤ ਦੇਖੇ ਪਰ ਬਾਰਡਰ ਸੂਬੇ ਪੰਜਾਬ ਦੇ ਲੋਕਾਂ ਨੇ ਹਰ ਦਿਨ ਡਰੋਨ ਹਮਲਿਆਂ, ਸਾਇਰਾਨਾਂ ਤੇ ਬਲੈਕ ਆਊਟ ਦੇ ਸਾਏ ਹੇਠ ਗੁਜ਼ਾਰੀ ਸੀ।