Faridkot News: ਜੇਲ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਕੈਦੀ ਹੋਣ ਦੇ ਚਲਦਿਆਂ ਉਸ ਦੀ ਡਿਊਟੀ ਲੰਗਰ ਹਾਲ ਵਿੱਚ ਲੱਗੀ ਹੋਈ ਸੀ ਅਤੇ ਉਹ ਲੰਗਰ ਬੈਰਕ ਵਿੱਚ ਬੰਦ ਸੀ।
Trending Photos
Faridkot News: ਫ਼ਰੀਦਕੋਟ ਦੇ ਕੇਂਦਰੀ ਮਾਡਰਨ ਜੇਲ ਵਿੱਚ ਬੰਦ ਇੱਕ ਕੈਦੀ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕੈਦੀ ਦੀ ਪਹਿਚਾਣ ਫਾਜਿਲਕਾ ਜ਼ਿਲੇ ਦੇ ਪਿੰਡ ਬਾਮਣੀਵਾਲਾ ਦੇ ਰਹਿਣ ਵਾਲੇ ਸੁਰਜੀਤ ਸਿੰਘ ਵਜੋਂ ਹੋਈ ਅਤੇ ਉਸਦੀ ਜੇਬ ਵਿੱਚੋਂ ਮਿਲੇ ਸੂਸਾਈਡ ਨੋਟ ਦੇ ਆਧਾਰ ਤੇ ਜੇਲ ਪ੍ਰਸ਼ਾਸਨ ਨੇ ਥਾਣਾ ਸਿਟੀ ਪੁਲਿਸ ਨੂੰ ਸ਼ਿਕਾਇਤ ਭੇਜ ਕੇ ਕੈਦੀ ਦੀ ਘਰਵਾਲੀ ਪਰਮਜੀਤ ਕੌਰ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦੇ ਅਨੁਸਾਰ ਸੁਰਜੀਤ ਸਿੰਘ ਇੱਕ ਮੁਕਦਮੇ ਵਿੱਚ ਹੋਈ ਸਜ਼ਾ ਕੱਟਣ ਲਈ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿੱਚ ਬੰਦ ਸੀ ਕੁਝ ਸਮਾਂ ਪਹਿਲਾਂ ਉਹ ਪੈਰੋਲ ਤੇ ਜੇਲ ਤੋਂ ਬਾਹਰ ਆਇਆ ਸੀ ਪਰ ਪੈਰੋਲ ਦੇ ਦੌਰਾਨ ਉਸ ਨੂੰ ਪੁਲਿਸ ਨੇ ਇੱਕ ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਵਿੱਚ ਮੁੜ ਗ੍ਰਿਫਤਾਰ ਕਰ ਲਿਆ ਅਤੇ ਲੰਘੀ 18 ਜੂਨ ਨੂੰ ਉਹ ਮੁੜ ਫਰੀਦਕੋਟ ਜੇਲ ਚ ਦਾਖਲ ਹੋਇਆ। ਇਸ ਮਾਮਲੇ ਵਿੱਚ ਜੇਲ ਪ੍ਰਸ਼ਾਸਨ ਨੇ ਦੱਸਿਆ ਕਿ ਕੈਦੀ ਹੋਣ ਦੇ ਚਲਦਿਆਂ ਉਸ ਦੀ ਡਿਊਟੀ ਲੰਗਰ ਹਾਲ ਵਿੱਚ ਲੱਗੀ ਹੋਈ ਸੀ ਅਤੇ ਉਹ ਲੰਗਰ ਬੈਰਕ ਵਿੱਚ ਬੰਦ ਸੀ। ਇਕ ਦਿਨ ਪਹਿਲਾਂ ਸ਼ਾਮ ਦੇ ਸਮੇਂ ਉਹ ਅਚਾਨਕ ਗਾਇਬ ਹੋ ਗਿਆ ਅਤੇ ਜਦ ਉਸ ਦੀ ਭਾਲ ਕੀਤੀ ਗਈ ਤਾਂ ਬੈਰਕ ਦੇ ਪਿੱਛੇ ਉਸਨੇ ਖਿੜਕੀ ਨਾਲ ਫਾਹਾ ਲਿਆ ਹੋਇਆ ਸੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਸ ਮਾਮਲੇ ਵਿੱਚ ਜੇਲ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਸ ਦੀ ਜੇਬ ਦੀ ਤਲਾਸ਼ੀ ਲਏ ਜਾਣ ਤੋਂ ਬਾਅਦ ਜੇਲ ਕਰਮਚਾਰੀਆਂ ਨੂੰ ਇਕ ਪਰਚੀ ਤੇ ਲਿਖਿਆ ਸੂਸਾਈਡ ਨੋਟ ਬਰਾਮਦ ਹੋਇਆ ਸੀ ਜਿਸ ਵਿੱਚ ਉਸ ਨੇ ਲਿਖਿਆ ਕਿ ਉਹ ਆਪਣੀ ਘਰਵਾਲੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹੈ। ਜਿਸ ਦੇ ਅਧਾਰ ਤੇ ਜੇਲ ਪ੍ਰਸ਼ਾਸਨ ਨੇ ਪੁਲਿਸ ਨੂੰ ਸ਼ਿਕਾਇਤ ਭੇਜ ਕੇ ਕੈਦੀ ਦੀ ਘਰਵਾਲੀ ਦੇ ਖਿਲਾਫ ਮੁਕਦਮਾ ਦਰਜ ਕਰਵਾਇਆ ਹੈ। ਹੁਣ ਇਸ ਮਾਮਲੇ ਦੀ ਪੁਲਿਸ ਕਾਰਵਾਈ ਕਰ ਰਹੀ ਹੈ ਅਤੇ ਨਾਲ ਜੁਡੀਸ਼ੀਅਲ ਮਜਿਸਟਰੇਟ ਵਲੋਂ ਪੜਤਾਲ ਕਰ ਰਹੇ ਹਨ ।