Dera Basi News: ਵੰਸ਼ਿਕਾ ਕੈਨੇਡਾ ਦੇ ਓਟਾਵਾ ਬੀਚ ਤੇ ਰਹੱਸਮਈ ਹਾਲਾਤਾਂ ਵਿੱਚ ਮ੍ਰਿਤਕ ਪਾਈ ਗਈ, ਤੁਰੰਤ ਬਾਅਦ ਕੈਨੇਡਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Trending Photos
Dera Bassi News: ਡੇਰਾਬੱਸੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਆਗੂ ਦੀ 21 ਸਾਲਾ ਧੀ ਦੀ ਕੈਨੇਡਾ ਦੇ ਓਟਾਵਾ ਵਿੱਚ ਸ਼ੱਕੀ ਹਾਲਾਤ ਵਿੱਚ ਲਾਸ਼ ਬਰਾਮਦ ਹੋਈ। ਸੈਣੀ ਮੁਹੱਲੇ ਦੇ ਦਵਿੰਦਰ ਸੈਣੀ ਦੀ ਧੀ ਵੰਸ਼ਿਕਾ ਸੈਣੀ ਦੀ ਲਾਸ਼ ਓਟਾਵਾ ਦੇ ਇੱਕ ਬੀਚ ਦੇ ਨੇੜਿਓਂ ਮਿਲੀ ਹੈ। ਉਹ 22 ਅਪ੍ਰੈਲ ਤੋਂ ਆਪਣੇ ਕਿਰਾਏ ਦੇ ਮਕਾਨ ਤੋਂ ਲਾਪਤਾ ਸੀ।
ਦਵਿੰਦਰ ਸੈਣੀ 'ਆਪ' ਦੇ ਬਲਾਕ ਪ੍ਰਧਾਨ ਅਤੇ 'ਆਪ' ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਦਫ਼ਤਰ ਦੇ ਇੰਚਾਰਜ ਹਨ। ਦਵਿੰਦਰ ਸੈਣੀ ਨੂੰ 25 ਅਪ੍ਰੈਲ ਨੂੰ ਆਪਣੀ ਧੀ ਦੇ ਲਾਪਤਾ ਹੋਣ ਬਾਰੇ ਪਤਾ ਲੱਗਾ। ਜਦੋਂ ਉਸ ਦੀ ਇੱਕ ਦੋਸਤ ਨੇ ਵੰਸ਼ਿਕਾ ਦੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਉਹ 22 ਅਪ੍ਰੈਲ ਤੋਂ ਘਰ ਵਾਪਸ ਨਹੀਂ ਆਈ ਹੈ। ਇਸ ਤੋਂ ਬਾਅਦ ਸੈਣੀ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਉਸਨੂੰ ਓਟਾਵਾ ਵਿੱਚ ਦੂਤਾਵਾਸ ਨਾਲ ਆਨਲਾਈਨ ਸੰਪਰਕ ਕਰਨ ਅਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਨ ਦੀ ਸਲਾਹ ਦਿੱਤੀ ਗਈ।
ਗੁੰਮਸ਼ੁਦਗੀ ਰਿਪੋਰਟ ਦਰਜ ਹੋਣ ਤੋਂ ਬਾਅਦ ਕੈਨੇਡਾ ਪੁਲਿਸ ਨੇ ਵੰਸ਼ਿਕਾ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੱਲ੍ਹ ਵੰਸ਼ਿਕਾ ਕੈਨੇਡਾ ਦੇ ਓਟਾਵਾ ਬੀਚ ਤੇ ਰਹੱਸਮਈ ਹਾਲਾਤ ਵਿੱਚ ਮ੍ਰਿਤਕ ਪਾਈ ਗਈ। ਇਸ ਤੋਂ ਬਾਅਦ ਕੈਨੇਡਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਤ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਪਰ ਅਧਿਕਾਰਿਕ ਤੌਰ 'ਤੇ ਪੋਸਟਮਾਰਟਮ ਰਿਪੋਰਟ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਵੰਸ਼ਿਕਾ ਦੇ ਮਾਪਿਆਂ ਨੇ ਕੈਨੇਡਾ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਸੈਣੀ ਨੇ ਅੱਗੇ ਕਿਹਾ ਕਿ ਪੋਸਟਮਾਰਟਮ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਵਾਪਸ ਲਿਆਉਣ ਵਿੱਚ ਕੁਝ ਸਮਾਂ ਲੱਗੇਗਾ। ਪਰਿਵਾਰ ਨੇ ਆਖਰੀ ਵਾਰ 22 ਅਪ੍ਰੈਲ ਨੂੰ ਵੰਸ਼ਿਕਾ ਨਾਲ ਫ਼ੋਨ 'ਤੇ ਗੱਲ ਕੀਤੀ ਸੀ।
ਵਿਧਾਇਕ ਰੰਧਾਵਾ ਨੇ ਕਿਹਾ ਕਿ ਉਹ ਸਵੇਰੇ ਪਰਿਵਾਰ ਨੂੰ ਮਿਲਣ ਗਏ ਸਨ। "ਸਾਨੂੰ ਵੰਸ਼ਿਕਾ ਦੀ ਮੌਤ ਦਾ ਬਹੁਤ ਦੁੱਖ ਹੈ। ਉਹ ਡੇਰਾਬੱਸੀ ਦੇ ਆਪਣੇ ਸਕੂਲ ਵਿੱਚ ਟਾਪਰ ਸੀ ਅਤੇ ਕੈਨੇਡਾ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਸੀ। ਰੰਧਾਵਾ ਨੇ ਕਿਹਾ ਕਿ ਦਵਿੰਦਰ ਮੇਰਾ ਨਜ਼ਦੀਕੀ ਸਹਿਯੋਗੀ ਹੈ ਅਤੇ ਮੇਰੇ ਦਫ਼ਤਰ ਦਾ ਇੰਚਾਰਜ ਹੈ। ਇਹ ਸਾਡੇ ਲਈ ਵੀ ਬਹੁਤ ਵੱਡਾ ਘਾਟਾ ਹੈ।"