Ludhiana West Bypoll: ਪੰਜਾਬ ਵਿਧਾਨ ਸਭਾ ਦੀ 64-ਲੁਧਿਆਣਾ ਪੱਛਮੀ ਸੀਟ ਲਈ ਨਾਮਜ਼ਦਗੀਆਂ ਦੇ ਛੇਵੇਂ ਦਿਨ 6 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ।
Trending Photos
Ludhiana West Bypoll: ਪੰਜਾਬ ਵਿਧਾਨ ਸਭਾ ਦੀ 64-ਲੁਧਿਆਣਾ ਪੱਛਮੀ ਸੀਟ ਲਈ ਨਾਮਜ਼ਦਗੀਆਂ ਦੇ ਛੇਵੇਂ ਦਿਨ 6 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 64- ਲੁਧਿਆਣਾ ਪੱਛਮੀ ਸੀਟ ਲਈ ਅੱਜ ਨੈਸ਼ਨਲ ਲੋਕ ਸੇਵਾ ਪਾਰਟੀ ਤੋਂ ਉਮੀਦਵਾਰ ਜਤਿੰਦਰ ਕੁਮਾਰ ਸ਼ਰਮਾ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪੰਜ ਆਜ਼ਾਦ ਉਮੀਦਵਾਰਾਂ ਪਰਮਜੀਤ ਸਿੰਘ ਭਰਾਜ, ਅਲਬਰਟ ਦੂਆ, ਕਮਲ ਪਵਾਰ, ਰਾਜੇਸ਼ ਸ਼ਰਮਾ ਅਤੇ ਨੀਟੂ ਵੱਲੋਂ ਨਾਮਜ਼ਦਗੀ ਭਰੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਕੁੱਲ 14 ਨਾਮਜ਼ਦਗੀ ਪੱਤਰ ਦਾਖ਼ਲ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਭਲਕੇ 1 ਜੂਨ ਨੂੰ ਸਰਕਾਰੀ ਛੁੱਟੀ ਹੋਣ ਕਰਕੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਜਾ ਸਕਣਗੇ, ਜਦਕਿ 2 ਜੂਨ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ ਹੈ। ਉੱਥੇ ਹੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ 3 ਜੂਨ ਨੂੰ ਕੀਤੀ ਜਾਵੇਗੀ।
ਕਾਬਿਲੇਗੌਰ ਹੈ ਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਭਾਜਪਾ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਜੀਵਨ ਗੁਪਤਾ ਨੂੰ ਉਮੀਦਵਾਰ ਐਲਾਨਿਆ ਹੈ। ਜੀਵਨ ਗੁਪਤਾ ਦੋ ਵਾਰ ਭਾਜਪਾ ਦੇ ਪ੍ਰਦੇਸ਼ ਜਨਰਲ ਸਕੱਤਰ ਰਹਿ ਚੁੱਕੇ ਹਨ। ਕਾਰ ਅਸੈਸਰੀਜ਼ ਕਾਰੋਬਾਰੀ ਅਤੇ ਡੀਲਰ ਹਨ। ਜੀਵਨ ਗੁਪਤਾ, ਜੋ ਪਹਿਲਾਂ ਲੁਧਿਆਣਾ ਵਿੱਚ ਰਾਜਨੀਤੀ ਵਿੱਚ ਸਰਗਰਮ ਰਹੇ ਹਨ, ਨੂੰ ਭਾਜਪਾ ਨੇ ਇਸ ਮਹੱਤਵਪੂਰਨ ਸੀਟ 'ਤੇ ਮੁਕਾਬਲੇ ਲਈ ਚੁਣਿਆ ਹੈ।
ਪਾਰਟੀ ਨੇ ਉਮੀਦ ਜਤਾਈ ਹੈ ਕਿ ਗੁਪਤਾ ਦੀ ਸਥਾਨਕ ਪਕੜ ਅਤੇ ਤਜਰਬੇ ਨਾਲ ਉਹ ਇਸ ਚੋਣ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਇਸ ਚੋਣ ਵਿੱਚ ਭਾਜਪਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ, ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨਾਲ ਹੈ। ਚੋਣ ਜ਼ਾਬਤਾ ਪਹਿਲਾਂ ਹੀ ਲਾਗੂ ਹੋ ਚੁੱਕਾ ਹੈ, ਅਤੇ ਨਾਮਜ਼ਦਗੀਆਂ 2 ਜੂਨ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਬਾਕੀ ਤਿੰਨੋ ਪਾਰਟੀ ਦੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਚੁੱਕੇ ਹਨ। ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਜ਼ਿਮਨੀ ਚੋਣ 19 ਜੂਨ 2025 ਨੂੰ ਹੋਵੇਗੀ, ਅਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਕੀਤੀ ਜਾਵੇਗੀ।