kotkapura News: ਜਤਿੰਦਰ ਸਿੰਘ ਡੀਐਸਪੀ ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਸਦਰ ਕੋਟਕਪੂਰਾ ਵੱਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 07 ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
Trending Photos
kotkapura News (ਸੀ ਸੰਜੇ): ਡਾ. ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਦੀ ਅਗਵਾਈ ਹੇਠ ਪੁਲਿਸ ਸੰਗਠਿਤ ਅਪਰਾਧੀਆਂ ਖ਼ਿਲਾਫ਼ ਲਗਾਤਾਰ ਸਖ਼ਤ ਨਜ਼ਰ ਆ ਰਹੀ ਹੈ। ਜਿਸਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕਰੀਬ 07 ਮਹੀਨੇ ਦੌਰਾਨ ਸੰਗਠਿਤ ਅਪਰਾਧ ਖਿਲਾਫ਼ ਕਾਰਵਾਈ ਕਰਦੇ ਹੋਏ 25 ਮੁਕੱਦਮੇ ਦਰਜ ਕਰਕੇ 132 ਮੁਲਜ਼ਮਾਂ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਂਦਿਆ ਜਤਿੰਦਰ ਸਿੰਘ ਡੀਐਸਪੀ ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਸਦਰ ਕੋਟਕਪੂਰਾ ਵੱਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 07 ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਥਾਣੇਦਾਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਦਰ ਕੋਟਕਪੂਰਾ ਦੀ ਨਿਗਰਾਨੀ ਹੇਠ ਨਵਦੀਪ ਸਿੰਘ ਇੰਚਾਰਜ ਚੌਂਕੀ ਪੰਜਗਰਾਈ ਕਲਾਂ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਬੱਸ ਅੱਡਾ ਪੰਜਗਰਾਈ ਕਲਾਂ ਮੌਜੂਦ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ 7 ਨੌਜਵਾਨ ਜਿਨ੍ਹਾਂ ਵਿੱਚ ਸੁਖਵੀਰ ਸਿੰਘ ਉਰਫ ਰਿੰਕੂ, ਸੁਖਦੀਪ ਸਿੰਘ ਉਰਫ ਹੋਸ਼ੀ, ਇਕਬਾਲ ਸਿੰਘ ਉਰਫ ਤੂਤਾਂ ਵਾਲਾ, ਰਾਜਨ ਕੁਮਾਰ ਉਰਫ ਰਾਜੂ, ਕਰਮ ਚੰਦ ਉਰਫ ਲਾਡੀ, ਜਸਕਰਨ ਸਿੰਘ ਉਰਫ ਨਾਹਰ ਅਤੇ ਸੁਖਵਿੰਦਰ ਸਿੰਘ ਉਰਫ ਗੋਲੂ ਉਕਤ ਸਾਰੇ ਵਿਅਕਤੀ ਨਸ਼ਾ ਕਰਨ ਅਤੇ ਵੇਚਣ ਦੇ ਆਦੀ ਹਨ ਜਿਨ੍ਹਾਂ ਖਿਲਾਫ਼ ਪਹਿਲਾਂ ਵੀ ਨਸ਼ੇ ਦੇ ਅਤੇ ਹੋਰ ਸੰਗੀਨ ਅਪਰਾਧਾਂ ਦੇ ਮੁਕੱਦਮੇ ਦਰਜ ਹਨ ਜੋ ਪੰਜਗਰਾਈ ਕਲਾਂ ਮੱਲਕੇ ਵਾਲੀ ਨਹਿਰ ਦੀ ਪਟੜੀ ਪਰ ਦਰੱਖਤਾਂ ਦੇ ਝੁੰਡ ਵਿੱਚ ਲੁਕਛੁਪ ਕੇ ਬੈਠੇ ਹਨ ਅਤੇ ਰਾਹਗੀਰਾਂ ਕੋਲੋਂ ਲੁੱਟ ਖੋਹ ਕਰਨ ਦੀ ਸਾਜ਼ਿਸ਼ ਬਣਾ ਰਹੇ ਹਨ ਅਤੇ ਜਿਨ੍ਹਾਂ ਕੋਲ ਮਾਰੂ ਹਥਿਆਰ ਹਨ ਜਿਸ ਉਤੇ ਮੁਕੱਦਮਾ ਨੰਬਰ 40 ਅ/ਧ 310(4), 111(3) ਬੀ.ਐਨ.ਐਸ ਥਾਣਾ ਸਦਰ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਗਿਰੋਹ ਦੇ 07 ਮੈਂਬਰਾਂ ਨੂੰ 02 ਗਰਾਰੀ ਲੱਗੀਆਂ ਪਾਈਪਾਂ, 03 ਕ੍ਰਿਪਾਨਾਂ, 01 ਬੇਸਬਾਲ ਅਤੇ 01 ਡੰਡੇ ਸਮੇਤ ਕਾਬੂ ਕੀਤਾ ਗਿਆ।
ਜਦ ਤਫਤੀਸ਼ ਦੌਰਾਨ ਮੁਲਜ਼ਮਾਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫਤਾਰ ਮੁਲਜ਼ਮਾਂ ਖਿਲਾਫ਼ ਪਹਿਲਾ ਵੀ ਕ੍ਰਿਮੀਨਲ ਕੇਸ ਦਰਜ ਰਜਿਸਟਰ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਿਲ ਕਰਨ ਉਪਰੰਤ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।