Bathinda News: ਬਠਿੰਡਾ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਸਾਈ ਨਗਰ ਵਿੱਚ ਸੂਆ ਟੁੱਟ ਗਿਆ। ਜਿਸ ਕਾਰਨ ਘਰਾਂ ਵਿੱਚ ਪਾਣੀ ਅਤੇ ਲੋਕ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਗਏ। ਅੱਧੀ ਰਾਤ ਨੂੰ ਟੁੱਟੇ ਸੂਏ ਕਾਰਨ ਸਾਈ ਨਗਰ ਵਿੱਚ ਕਈ-ਕਈ ਫੁੱਟ ਪਾਣੀ ਭਰ ਗਿਆ ਹੈ।
Trending Photos
Bathinda News (ਕੁਲਬੀਰ ਬੀਰਾ): ਬਠਿੰਡਾ ਦੇ ਸਾਈਂ ਨਗਰ ਏਰੀਏ ਵਿੱਚ ਲੰਘ ਰਿਹਾ ਸੂਆ ਰਾਤ ਸਮੇਂ ਟੁੱਟ ਗਿਆ। ਇਹ ਏਰੀਆ ਨੀਵਾਂ ਹੋਣ ਕਾਰਨ ਵੱਡੇ ਪੱਧਰ ਤੇ ਪਾਣੀ ਭਰ ਗਿਆ ਇਹ ਪਾਣੀ ਲਗਭਗ ਚਾਰ ਤੋਂ ਪੰਜ ਫੁੱਟ ਤੱਕ ਚਲਾ ਗਿਆ ਹੈ ਕਿਉਂਕਿ ਸੂਏ ਦਾ ਪਾੜ ਕਾਫੀ ਵੱਡਾ ਸੀ ਅਤੇ ਪਾਣੀ ਦਾ ਬਹਾਵ ਤੇਜ਼ ਹੋਣ ਕਾਰਨ ਘਰਾਂ ਵਿੱਚ ਪਾਣੀ ਤੇਜੀ ਨਾਲ ਵੜਿਆ ਜਿਸ ਨਾਲ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ।
ਲੋਕਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਇਹ ਸੂਆ ਟੁੱਟਿਆ। ਜਿਸ ਤੋਂ ਬਾਅਦ ਪਾਣੀ ਦਾ ਬਹਾਵ ਤੇਜ਼ ਹੋਣ ਕਾਰਨ ਘਰਾਂ ਵਿੱਚ ਪਾਣੀ ਵੜ ਗਿਆ ਲਗਭਗ 500 ਦੇ ਕਰੀਬ ਇਥੇ ਘਰ ਬਣੇ ਹੋਏ ਹਨ ਜਿੱਥੇ ਜਿਆਦਾਤਰ ਗਰੀਬ ਲੋਕ ਰਹਿੰਦੇ ਹਨ ਭਾਵੇਂ ਇਥੇ ਇਹ ਜਗ੍ਹਾ ਵਕਫ ਬੋਰਡ ਦੀ ਹੈ। ਉਨਾਂ ਵੱਲੋਂ ਇੱਥੇ ਕਿਸੇ ਕਿਸਮ ਦੀ ਉਸਾਰੀ ਕਰਨ ਤੇ ਵੀ ਰੋਕ ਲਗਾਈ ਗਈ ਹੈ। ਪਰ ਫਿਰ ਵੀ ਵੱਡੇ ਪੱਧਰ ਤੇ ਇਹ ਬਸਤੀ ਬਣ ਗਈ ਹੈ। ਲੋਕਾਂ ਨੇ ਮਦਦ ਦੇ ਲਈ ਸਰਕਾਰ ਤੋਂ ਅਪੀਲ ਕੀਤੀ ਹੈ।
ਉੱਧਰ ਨਹਿਰੀ ਮਹਿਕਮੇ ਦੇ ਕਰਮਚਾਰੀਆਂ ਨੂੰ ਪਾੜ ਵੱਡਾ ਹੋਣ ਕਾਰਨ ਬੰਨ੍ਹ ਮਾਰਨ ਲਈ ਮੁਸ਼ੱਕਤ ਕਰਨੀ ਪੈ ਰਹੀ ਹੈ। ਲੋਕਾਂ ਨੇ ਕਿਹਾ ਕਿ ਪਾੜ ਤੜਕੇ 2 ਵਜੇ ਪਿਆ ਪਰ ਵਿਭਾਗੀ ਟੀਮ ਦਿਨ ਚੜ੍ਹਨ ਤੋਂ ਬਾਅਦ ਹੀ ਮੌਕੇ ’ਤੇ ਪਹੁੰਚੀ। ਇਸ ਕਾਰਨ ਲੋਕਾਂ ਰੋਹ ਵਿਚ ਹਨ। ਸਥਾਨਕ ਲੋਕਾਂ ਨੇ ਨਹਿਰੀ ਵਿਭਾਗ ਖ਼ਿਲਾਫ ਨਾਰਾਜ਼ਗੀ ਜਤਾਉਂਦੇ ਹੋਏ ਅਣਗਹਿਲੀ ਦੇ ਦੋਸ਼ ਲਾਏ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਕਾਫੀ ਲੰਮੇ ਸਮੇਂ ਤੋਂ ਸੂਏ ਦੀ ਸਫਾਈ ਨਹੀਂ ਕਰਵਾਈ ਗਈ। ਪਾੜ ਪੈਣ ’ਤੇ ਫੋਨ ਲਾਉਣ ਦੇ ਬਾਵਜੂਦ ਵਿਭਾਗ ਦੇ ਉੱਚ ਅਧਿਕਾਰੀ ਲੰਮੀਆਂ ਤਾਣ ਕੇ ਸੁੱਤੇ ਰਹੇ।
ਐਕਸੀਅਨ ਨੇ ਕਿਹਾ ਕਿ ਰਜਵਾਹੇ ਉੱਪਰੋਂ ਲੰਘਦੀ ਵਾਟਰ ਸਪਲਾਈ ਦੀ ਪਾਈਪਲਾਈਨ ਟੁੱਟ ਜਾਣ ਕਾਰਨ ਪੱਟੜੀ ਦੀ ਮਿੱਟੀ ਖੁਰ ਗਈ, ਜਿਸ ਕਾਰਨ ਪਾੜ ਪੈ ਗਿਆ। ਉਨ੍ਹਾਂ ਕਿਹਾ ਕਿ ਪਿੱਛੋਂ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ ਤੇ ਰਜਵਾਹੇ ਦੀ ਕੰਧ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।