Land Pooling Policy: ਪੰਜਾਬ ਸਰਕਾਰ ਨੇ 14 ਮਈ 2025 ਨੂੰ ਜਾਰੀ ਕੀਤੀ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈ ਲਿਆ ਹੈ। ਇਸ ਸੰਬੰਧੀ ਇੱਕ ਸਰਕਾਰੀ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਗਿਆ ਕਿ ਇਸ ਨੀਤੀ ਨਾਲ ਸਬੰਧਤ ਸਾਰੀਆਂ ਤਰਮੀਮਾਂ ਅਤੇ ਕਾਰਵਾਈਆਂ ਹੁਣ ਰੱਦ ਮੰਨੀ ਜਾਣਗੀਆਂ।
Trending Photos
Land Pooling Policy: ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਲੈਂਡ ਪੁਲਿੰਗ ਪਾਲਿਸੀ ਦਾ ਕਿਸਾਨਾਂ ਅਤੇ ਵਿਰੋਧੀਆਂ ਪਾਰਟੀਆਂ ਵੱਲੋਂ ਵੱਡੇ ਪੱਧਰ ਉੱਤੇ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਅੱਜ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਪਾਲਿਸੀ ਨੂੰ ਰੱਦ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਹਾਲੇ ਵੀ ਘੇਰਿਆ ਜਾ ਰਿਹਾ ਹੈ।
ਪੰਜਾਬ ਕਾਂਗਰਸ ਦੇ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਸਰਕਾਰਾਂ ਲੋਕਾਂ ਨੂੰ ਭੁੱਲ ਜਾਂਦੀਆਂ ਹਨ, ਤਾਂ ਲੋਕ ਉਨ੍ਹਾਂ ਨੂੰ ਯਾਦ ਦਿਵਾਉਂਦੇ ਹਨ ਕਿ ਅਸਲ ਸ਼ਕਤੀ ਕਿੱਥੇ ਹੈ। ਇਹ ਪੰਜਾਬ ਅਤੇ ਪੰਜਾਬੀਆਂ ਦੀ ਜਿੱਤ ਹੈ। ਇਹ ਲੈਂਡ ਪੂਲਿੰਗ ਘੁਟਾਲੇ ਵਿਰੁੱਧ ਲੋਕਾਂ ਦੀ ਲੜਾਈ ਦੀ ਜਿੱਤ ਹੈ। ਪੰਜਾਬ 'ਆਪ' ਦੀਆਂ ਲੋਕ ਵਿਰੋਧੀ ਨੀਤੀਆਂ ਅੱਗੇ ਕਦੇ ਨਹੀਂ ਝੁਕੇਗਾ। ਜਿਸ ਤਰ੍ਹਾਂ ਅਕਾਲੀ ਦਲ ਨੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਤਿੰਨ ਕਾਲੇ ਕਾਨੂੰਨਾਂ ਦਾ ਸਮਰਥਨ ਕੀਤਾ, ਉਸੇ ਤਰ੍ਹਾਂ 'ਆਪ' ਨੇ ਲੈਂਡ ਪੂਲਿੰਗ ਵਿੱਚ ਵੀ ਅਜਿਹਾ ਹੀ ਕੀਤਾ ਅਤੇ ਅੰਤ ਵਿੱਚ ਪਿੱਛੇ ਹਟਣਾ ਪਿਆ। ਪੰਜਾਬੀਆਂ ਨੇ ਨਾ ਤਾਂ ਅਕਾਲੀਆਂ ਨੂੰ ਮਾਫ਼ ਕੀਤਾ ਅਤੇ ਨਾ ਹੀ ਉਹ 'ਆਪ' ਨੂੰ ਮਾਫ਼ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਬਹਾਦਰ ਅਕਾਲੀ ਵਰਕਰਾਂ, ਕਿਸਾਨਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਇੱਕਜੁੱਟ ਹੋ ਕੇ ਅਰਵਿੰਦ ਕੇਜਰੀਵਾਲ ਨੂੰ ਜ਼ਮੀਨ ਹੜੱਪਣ ਦੀ ਸਕੀਮ ਵਾਪਸ ਲੈਣ ਲਈ ਮਜਬੂਰ ਕੀਤਾ। ਇਹ ਅਸਲ ਵਿੱਚ ਇੱਕ ਜ਼ਮੀਨ ਹੜੱਪਣ ਦੀ ਸਕੀਮ ਸੀ। ਹੁਣ ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਨੂੰ ਦੀਵਾਲੀਆ ਕਰਨ, ਬਾਹਰਲੇ ਲੋਕਾਂ ਨੂੰ ਨੌਕਰੀਆਂ ਦੇਣ, ਕਾਨੂੰਨ ਵਿਵਸਥਾ ਨੂੰ ਤਬਾਹ ਕਰਨ ਅਤੇ ਗੈਂਗਸਟਰਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿੰਮੇਵਾਰ ਠਹਿਰਾਵਾਂਗੇ।
ਸੁਨੀਲ ਜਾਖੜ ਨੇ ਕਿਹਾ ਕਿ ਜਦੋਂ ਬਾਕੀ ਵਿਰੋਧੀ ਪਾਰਟੀਆਂ ਆਪ ਸਰਕਾਰ ਅੱਗੇ ਗੋਡੇ ਟੇਕ ਗਈਆਂ ਸਨ, ਭਾਜਪਾ ਨੇ ਕਿਸਾਨਾਂ ਦੀ ਜਮੀਨ ਖੋਹਣ ਲਈ ਲਿਆਂਦੀ ਆਪ ਸਰਕਾਰ ਦੀ ਲੈਂਡ ਪੂਲੀਂਗ ਨੀਤੀ ਦਾ ਜੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਅਤੇ ਇਸ ਬਾਰੇ ਲੋਕਾਂ ਨੂੰ ਜਾਗਰੂਤ ਵੀ ਕੀਤਾ l ਆਖਿਰਕਾਰ ਲੋਕਾਂ ਦੇ ਰੋਹ ਅਤੇ ਭਾਜਪਾ ਵੱਲੋਂ ਬਣਾਏ ਦਬਾਅ, ਹਾਈ ਕੋਰਟ ਵਿੱਚ ਸਰਕਾਰ ਦੀ ਹੋਈ ਖਿਚਾਈ ਤੋਂ ਬਾਅਦ ਸਰਕਾਰ ਨੂੰ ਪਾਲਿਸੀ ਵਾਪਿਸ ਲੈਣ ਲਈ ਮਜਬੂਰ ਹੋਣਾ ਪਿਆ। ਇਹ ਪੰਜਾਬ ਦੇ ਲੋਕਾਂ ਦੇ ਏਕੇ ਦੀ ਜਿੱਤ ਹੈ। ਪੰਜਾਬੀ ਕਿਸਾਨਾਂ ਨੂੰ ਮੁਬਾਰਕ।
ਕਾਂਗਰਸ ਦੇ ਸੀਨੀਅਰ ਆਗੂ ਪ੍ਰਗਟ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਕੇ ਲਿਖਿਆ - ਕਿਸਾਨ ਵਿਰੋਧੀ ਜ਼ਮੀਨ ਪੂਲਿੰਗ ਨੀਤੀ ਨੂੰ ਅਧਿਕਾਰਤ ਤੌਰ 'ਤੇ ਰੱਦ ਕਰ ਦਿੱਤਾ ਗਿਆ ਹੈ। ਇਹ ਆਮ ਆਦਮੀ ਪਾਰਟੀ ਦੀ ਜ਼ਮੀਨ ਹੜੱਪਣ ਦੀ ਸਾਜ਼ਿਸ਼ 'ਤੇ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਦੀ ਜਿੱਤ ਹੈ। ਪਹਿਲੇ ਦਿਨ ਤੋਂ ਹੀ ਅਸੀਂ ਇਸ ਧੋਖਾਧੜੀ ਵਿਰੁੱਧ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।
ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਫੈਸਲਾ ਕਿਸਾਨਾਂ ਅਤੇ ਪੰਜਾਬੀਆਂ ਦੇ ਦਬਾਅ ਕਾਰਨ ਲਿਆ ਗਿਆ ਹੈ। ਇਸਨੂੰ ਕਿਸਾਨਾਂ ਅਤੇ ਪੰਜਾਬ ਦੀ ਜਿੱਤ ਕਿਹਾ ਜਾ ਸਕਦਾ ਹੈ। ਸਰਕਾਰ ਕਿਸਾਨਾਂ ਦੀ ਜ਼ਮੀਨ ਲੁੱਟਣਾ ਚਾਹੁੰਦੀ ਸੀ। ਦਿੱਲੀ ਦਾ ਇਹ ਗਿਰੋਹ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਵੱਖ-ਵੱਖ ਪੱਧਰਾਂ 'ਤੇ ਦਬਾਅ ਕਾਰਨ ਸਫਲ ਨਹੀਂ ਹੋ ਸਕਿਆ।