Kiratpur Sahib News: ਕੀਰਤਪੁਰ ਸਾਹਿਬ ਥਾਣਾ ਮੁਖੀ ਜਤਿਨ ਕਪੂਰ ਨੇ ਦੱਸਿਆ ਕਿ ਝੁੱਗੀਆਂ ਵਿੱਚ ਹੱਲਾ-ਗੁੱਲਾ ਹੋਣ ਦੀ ਸੂਚਨਾ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਦੋਵੇਂ ਪਾਸਿਆਂ ਨੂੰ ਥਾਣੇ ਬੁਲਾ ਕੇ ਗੱਲਬਾਤ ਕੀਤੀ ਜਾਵੇਗੀ।
Trending Photos
Kiratpur Sahib News: ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕੁਝ ਨੌਜਵਾਨਾਂ ਵੱਲੋਂ ਅੱਜ ਕੀਰਤਪੁਰ ਸਾਹਿਬ ਸਥਿਤ ਗੁਰਦੁਆਰਾ ਪਤਾਲਪੁਰੀ ਸਾਹਿਬ ਅਤੇ ਨੇੜਲੇ ਦਾਣਾ ਮੰਡੀ ਖੇਤਰ ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਵਿੱਚ ਜਾ ਕੇ ਭੀਖ ਮੰਗਣ ਵਾਲੇ ਬੱਚਿਆਂ ਦਾ ਮੁੱਦਾ ਉਠਾਇਆ ਗਿਆ। ਇਸ ਦੌਰਾਨ ਮੌਕੇ ’ਤੇ ਕਾਫ਼ੀ ਹੱਲਾ-ਗੁੱਲਾ ਹੋਣ ਕਾਰਨ ਜ਼ਿਲ੍ਹਾ ਬਾਲ ਭਲਾਈ ਅਧਿਕਾਰੀ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ।
ਨੌਜਵਾਨਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਪੰਜਾਬ ਵਿੱਚ ਭੀਖ ਮੰਗਣ ਵਾਲੇ ਬੱਚਿਆਂ ਨੂੰ ਸਕੂਲ ਭੇਜਣ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਦਾ ਆਰੋਪ ਸੀ ਕਿ ਬਾਵਜੂਦ ਪਹਿਲਾਂ ਹੀ ਵਿਭਾਗ ਨੂੰ ਸੂਚਿਤ ਕਰਨ ਦੇ, ਟੀਮ ਦੇਰੀ ਨਾਲ ਪਹੁੰਚੀ, ਜਿਸ ਨਾਲ ਕਈ ਬੱਚੇ ਝੁੱਗੀਆਂ ਵਿੱਚ ਲੁਕ ਗਏ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ।
ਦੂਜੇ ਪਾਸੇ, ਵਿਭਾਗ ਦੇ ਅਧਿਕਾਰੀਆਂ ਨੇ ਸਾਰੇ ਆਰੋਪਾਂ ਨੂੰ ਗਲਤ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕਿਸੇ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਅਤੇ ਉਹ ਸਮੇਂ-ਸਮੇਂ ’ਤੇ ਆਪਣੇ ਖੇਤਰ ਵਿੱਚ ਚੈਕਿੰਗ ਕਰਦੇ ਹਨ। ਵਿਭਾਗ ਦਾ ਕਹਿਣਾ ਹੈ ਕਿ ਉਹ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਦੇ ਹਨ, ਆਧਾਰ ਕਾਰਡ ਬਣਵਾ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਬੱਚਿਆਂ ਨੂੰ ਭਾਂਡੇ, ਕੱਪੜੇ ਜਾਂ ਹੋਰ ਸਮਾਨ ਦੇਣ ਦੀ ਬਜਾਏ ਕਾਪੀਆਂ, ਕਿਤਾਬਾਂ ਅਤੇ ਵਰਦੀ ਦੇਣ ਤਾਂ ਜੋ ਉਹ ਸਕੂਲ ਜਾ ਸਕਣ।
ਇਸ ਮਾਮਲੇ ਵਿੱਚ ਕੀਰਤਪੁਰ ਸਾਹਿਬ ਥਾਣਾ ਮੁਖੀ ਜਤਿਨ ਕਪੂਰ ਨੇ ਦੱਸਿਆ ਕਿ ਝੁੱਗੀਆਂ ਵਿੱਚ ਹੱਲਾ-ਗੁੱਲਾ ਹੋਣ ਦੀ ਸੂਚਨਾ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਦੋਵੇਂ ਪਾਸਿਆਂ ਨੂੰ ਥਾਣੇ ਬੁਲਾ ਕੇ ਗੱਲਬਾਤ ਕੀਤੀ ਜਾਵੇਗੀ।