Moga Encounter: ਪਿਛਲੇ ਕੁਝ ਮਹੀਨੇ ਪਹਿਲਾਂ ਸ਼ਿਵ ਸੈਨਾ ਆਗੂ ਮੰਗਤ ਰਾਮ ਮੰਗਾ ਦੇ ਕਤਲ ਕਰਨ ਵਾਲੇ ਮੁਲਜ਼ਮਾਂ ਦਾ ਮੋਗਾ ਪੁਲਿਸ ਨੇ ਐਨਕਾਊਂਟਰ ਕੀਤਾ।
Trending Photos
Moga Encounter: (ਨਵਦੀਪ ਮਹੇਸ਼ਰੀ): ਪਿਛਲੇ ਕੁਝ ਮਹੀਨੇ ਪਹਿਲਾਂ ਸ਼ਿਵ ਸੈਨਾ ਆਗੂ ਮੰਗਤ ਰਾਮ ਮੰਗਾ ਦੇ ਕਤਲ ਕਰਨ ਵਾਲੇ ਮੁਲਜ਼ਮਾਂ ਦਾ ਮੋਗਾ ਪੁਲਿਸ ਨੇ ਐਨਕਾਊਂਟਰ ਕੀਤਾ। ਕੁਝ ਦਿਨ ਪਹਿਲਾਂ ਮੁਲਜ਼ਮਾਂ ਨੂੰ ਮੋਗਾ ਪੁਲਿਸ ਹਿਮਾਚਲ ਤੋਂ ਗ੍ਰਿਫਤਾਰ ਕਰਕੇ ਲੈ ਕੇ ਆਏ ਸੀ ਤੇ ਅੱਜ ਨਿਸ਼ਾਨਦੇਹੀ ਉਤੇ ਅਸਲਾ ਰਿਕਵਰ ਕਰਨ ਵਾਸਤੇ ਸਿੰਘਾਂਵਾਲਾ ਸੂਏ ਦੇ ਕੋਲ ਇਨ੍ਹਾਂ ਦੋਸ਼ੀਆਂ ਨੂੰ ਲੈ ਕੇ ਪੁਲਿਸ ਪਹੁੰਚੀ ਸੀ। ਇਸ ਦੌਰਾਨ ਮੁਲਜ਼ਮਾਂ ਵੱਲੋਂ ਪੁਲਿਸ ਉਤੇ ਫਾਇਰਿੰਗ ਕੀਤੀ ਗਈ ਤੇ ਜਵਾਬ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ। ਜਵਾਬੀ ਫਾਇਰਿੰਗ ਵਿੱਚ ਇੱਕ ਬਦਮਾਸ਼ ਦੇ ਗੋਲੀ ਲੱਗ ਗਈ ਅਤੇ ਇੱਕ ਬਦਮਾਸ਼ ਭੱਜਦਾ ਹੋਇਆ ਡਿੱਗ ਪਿਆ ਜਿਸ ਕਾਰਨ ਉਸ ਦੇ ਲੱਤ ਫਰੈਕਚਰ ਹੋ ਗਈ।
ਪੁਲਿਸ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਅਤੇ ਦੋ ਦਿਨ ਦੇ ਰਿਮਾਂਡ 'ਤੇ ਲੈ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਹਥਿਆਰ ਮੋਗਾ ਦੇ ਸਿੰਘਾਵਾਲਾ ਇਲਾਕੇ ਵਿਚ ਇਕ ਗੰਦੇ ਨਾਲੇ ਦੇ ਨੇੜੇ ਸੜਕ ਕਿਨਾਰੇ ਲੁਕਾਏ ਸਨ। ਇਸ ਤੋਂ ਬਾਅਦ ਪੁਲਸ ਦੋਵਾਂ ਮੁਲਜ਼ਮਾਂ ਨੂੰ ਹਥਿਆਰ ਬਰਾਮਦ ਕਰਨ ਲਈ ਮੌਕੇ 'ਤੇ ਲੈ ਗਈ।
ਇਸ ਦੌਰਾਨ ਸਿਕੰਦਰ ਸਿੰਘ ਨੇ ਉੱਥੇ ਲੁਕਾਏ ਹੋਏ ਪਿਸਤੌਲ ਤੋਂ ਪੁਲਿਸ 'ਤੇ ਤਿੰਨ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ, ਜਿਸ ਵਿਚ ਇਕ ਗੋਲੀ ਸਿਕੰਦਰ ਦੀ ਲੱਤ ਵਿਚ ਲੱਗੀ। ਜਦੋਂ ਅਰੁਣ ਹਾਂਡਾ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸਨੂੰ ਵੀ ਫੜ ਲਿਆ। ਫਿਲਹਾਲ ਦੋਵੇਂ ਮੁਲਜ਼ਮ ਹਸਪਤਾਲ ਵਿਚ ਇਲਾਜ ਅਧੀਨ ਹਨ ਅਤੇ ਪੁਲਿਸ ਅਗਲੀ ਕਾਰਵਾਈ ਵਿਚ ਲੱਗੀ ਹੋਈ ਹੈ।
ਕਾਬਿਲੇਗੌਰ ਹੈ ਕਿ ਦਰਅਸਲ, ਕੁਝ ਨੌਜਵਾਨਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕਰਕੇ ਸ਼ਿਵ ਸੈਨਾ ਨੇਤਾ ਮੰਗਤ ਰਾਮ ਮੰਗਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਕਤਲ ਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ। ਕਾਤਲਾਂ ਵੱਲੋਂ ਇੱਕ ਵੀਡੀਓ ਬਣਾਈ ਗਈ ਹੈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਹੈ।
ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨੌਜਵਾਨ ਨੇ ਵੀਡੀਓ ਵਿੱਚ ਕਿਹਾ ਹੈ ਕਿ ਮੋਗਾ ਵਿੱਚ ਸ਼ਿਵ ਸੈਨਾ ਆਗੂ ਮੰਗਤ ਰਾਮ ਮੰਗਾ ਦਾ ਕਤਲ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਮੰਗਾ ਨੂੰ ਮਾਰਨਾ ਨਹੀਂ ਚਾਹੁੰਦੇ ਸਨ ਪਰ ਸ਼ਿਵ ਸੈਨਾ ਨੇਤਾ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਗੈਰ-ਕਾਨੂੰਨੀ ਢੰਗ ਨਾਲ ਤੰਗ ਕਰਨ ਦੀ ਧਮਕੀ ਦਿੱਤੀ ਜਾ ਰਹੀ ਸੀ। ਉਸ ਵਿਰੁੱਧ ਝੂਠੇ ਕੇਸ ਦਰਜ ਕੀਤੇ ਗਏ ਅਤੇ ਉਸਦੇ ਘਰ ਪੁਲਿਸ ਵੀ ਭੇਜੀ ਗਈ ਸੀ।