Dera Bassi: ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਸਵੇਰੇ ਬਿਨਾਂ ਸੁਰੱਖਿਆ ਅਤੇ ਤਾਮ-ਝਾਮ ਦੇ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਦੀਆਂ ਨਗਰ ਕੌਂਸਲਾਂ ਅਤੇ ਤਹਿਸੀਲਾਂ ਦਾ ਅਚਨਚੇਤ ਨਿਰੀਖਣ ਕੀਤਾ। ਗੈਰਹਾਜ਼ਰ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ।
Trending Photos
Dera Bassi(Navneet kaur): ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਸਵੇਰੇ ਸਾਦੇ ਕੱਪੜਿਆਂ, ਮੂੰਹ ਢੱਕ ਕੇ ਅਤੇ ਬਿਨਾਂ ਲਾਮ-ਲਸ਼ਕਰ ਦੇ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਦੀਆਂ ਨਗਰ ਕੌਂਸਲਾਂ ਅਤੇ ਤਹਿਸੀਲ ਦਫ਼ਤਰਾਂ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਨੇ ਆਪਣੀ ਪਛਾਣ ਛੁਪਾਈ ਰੱਖ ਕੇ ਜ਼ਮੀਨੀ ਹਕੀਕਤਾਂ ਦੀ ਪਰਖ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਸਿੱਧਾ ਅਧਿਕਾਰੀਆਂ ਅਤੇ ਵਸਨੀਕਾਂ ਨਾਲ ਗੱਲਬਾਤ ਕੀਤੀ।
ਨਿਰੀਖਣ ਦੌਰਾਨ ਵਿਧਾਇਕ ਨੇ ਲੋਕਾਂ ਵੱਲੋਂ ਜ਼ੀਰਕਪੁਰ ਨਗਰ ਕੌਂਸਲ ਅਤੇ ਥਾਣੇ ਵਿੱਚ ਸੁਣਵਾਈ ਨਾ ਹੋਣ ਦੀਆਂ ਮਿਲੀਆਂ ਸ਼ਿਕਾਇਤਾਂ 'ਤੇ ਗੰਭੀਰ ਨੋਟਿਸ ਲਿਆ। ਲੋਕਾਂ ਨੇ ਦੱਸਿਆ ਕਿ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਉਨ੍ਹਾਂ ਨੂੰ ਮਿਲਦੇ ਹੀ ਨਹੀਂ, ਜਿਸ ਕਾਰਨ ਉਨ੍ਹਾਂ ਦੀਆਂ ਜ਼ਰੂਰਤਾਂ ਲੰਬੇ ਸਮੇਂ ਤੱਕ ਅਣਸੁਣੀਆਂ ਰਹਿੰਦੀਆਂ ਹਨ। ਵਿਧਾਇਕ ਰੰਧਾਵਾ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਉਹ ਲੋਕਾਂ ਦੀਆਂ ਜ਼ਰੂਰਤਾਂ ਨੂੰ ਤਰਜੀਹ ਦੇਣ, ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਨਿਭਾਉਣ ਅਤੇ ਸਿਰਫ਼ ਨੌਕਰਸ਼ਾਹੀ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਦੀ ਬਜਾਏ ਫੀਡਬੈਕ ਅਤੇ ਨਤੀਜਿਆਂ 'ਤੇ ਅਧਾਰਤ ਕੰਮ ਕਰਨ। ਉਨ੍ਹਾਂ ਕਿਹਾ ਕਿ ਲੋਕ ਸੇਵਾ ਵਿੱਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਅੱਜ ਦੇ ਦੌਰੇ ਦੌਰਾਨ ਜੋ ਅਧਿਕਾਰੀ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਮਿਲੇ ਹਨ, ਉਨ੍ਹਾਂ ਨੂੰ ਜ਼ਰੂਰ ਦੌਰੇ ਪੈਣਗੇ। ਵਿਧਾਇਕ ਨੇ ਇਲਾਕੇ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਵੀ ਸਮੀਖਿਆ ਕੀਤੀ ਅਤੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਉਨ੍ਹਾਂ ਦੁਆਰਾ ਦਿੱਤੇ ਗਏ ਸੁਝਾਵਾਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।
ਵਿਧਾਇਕ ਨੇ ਕਿਹਾ, “ਇੱਕ ਲੋਕ ਸੇਵਕ ਹੋਣ ਦੇ ਨਾਤੇ, ਇਹ ਮੇਰਾ ਫ਼ਰਜ਼ ਹੈ ਕਿ ਮੈਂ ਇਹ ਯਕੀਨੀ ਬਣਾਵਾਂ ਕਿ ਲੋਕਾਂ ਦੀਆਂ ਜ਼ਰੂਰਤਾਂ ਅਤੇ ਚਿੰਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾਵੇ। ਇਹ ਨਿਰੀਖਣ ਜ਼ਮੀਨੀ ਹਕੀਕਤ ਨੂੰ ਸਮਝਣ ਅਤੇ ਇਹ ਨਿਸ਼ਚਿਤ ਕਰਨ ਵੱਲ ਇੱਕ ਮਹੱਤਵਪੂਰਣ ਕਦਮ ਸੀ ਕਿ ਅਧਿਕਾਰੀ ਲੋਕਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ।” ਵਿਧਾਇਕ ਰੰਧਾਵਾ ਦੇ ਅਚਨਚੇਤ ਨਿਰੀਖਣ ਨੂੰ ਵਸਨੀਕਾਂ ਤੇ ਦਫ਼ਤਰਾਂ ਵਿੱਚ ਮੌਜੂਦ ਅਧਿਕਾਰੀਆਂ ਦੋਵਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ। ਕਈਆਂ ਨੇ ਉਨ੍ਹਾਂ ਦੇ ਵਿਹਾਰਕ ਪਹੁੰਚ ਅਤੇ ਲੋਕਾਂ ਦੀ ਸੇਵਾ ਕਰਨ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।