ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ- ਧਾਮੀ
Advertisement
Article Detail0/zeephh/zeephh2692533

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ- ਧਾਮੀ

Harjinder Singh Dhami News: ਐਡਵੋਕੇਟ ਧਾਮੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਤਖ਼ਤ ਸਾਹਿਬਾਨ ’ਤੇ ਸੇਵਾ ਨਿਭਾਉਣ ਵਾਲੇ ਜਥੇਦਾਰ ਸਾਹਿਬਾਨ ਦੀ ਰੁਖਸਤੀ ਇਕ ਸਨਮਾਨਜਨਕ ਢੰਗ ਨਾਲ ਕੀਤੀ ਜਾਇਆ ਕਰੇਗੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ- ਧਾਮੀ

Harjinder Singh Dhami News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੌਜੂਦਾ ਸਮੇਂ ਬਣੇ ਹਾਲਾਤਾਂ ਦੇ ਮਦੇਨਜ਼ਰ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਸਿੱਖ ਪੰਥ ਅੰਦਰ ਸਿੰਘ ਸਾਹਿਬਾਨ ਤੇ ਹਰ ਜਥੇਬੰਦੀ ਦਾ ਸਤਿਕਾਰ ਕਾਇਮ ਰੱਖਿਆ ਜਾਵੇਗਾ ਅਤੇ ਜਥੇਦਾਰਾਂ ਦੀਆਂ ਪਦਵੀਆਂ ਸਬੰਧੀ ਭਵਿੱਖ ਵਿੱਚ ਸਿੱਖ ਸੰਪਰਦਾਵਾਂ ਦੇ ਰਾਏ ਮਸ਼ਵਰੇ ਨੂੰ ਅਣਡਿੱਠ ਨਹੀਂ ਕੀਤਾ ਜਾਵੇਗਾ।

ਐਡਵੋਕੇਟ ਧਾਮੀ ਨੇ ਅੱਜ ਇਥੇ ਸ਼੍ਰੋਮਣੀ ਕਮੇਟੀ ਦਫਤਰ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਸਬੰਧੀ ਜਲਦ ਹੀ ਨਿਯਮ ਤਹਿ ਕੀਤੇ ਜਾਣਗੇ ਅਤੇ ਇਸ ਕਾਰਜ ਵਾਸਤੇ ਉੱਚ ਪੱਧਰੀ ਕਮੇਟੀ ਕਾਇਮ ਹੋਵੇਗੀ। ਇਸ ਸਬੰਧੀ ਆਉਂਦੇ ਬਜਟ ਇਜਲਾਸ ਵਿਚ ਮਤਾ ਲਿਆ ਕੇ ਪ੍ਰਵਾਨਗੀ ਲਈ ਜਾਵੇਗੀ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਜਥੇਦਾਰਾਂ ਦੀਆਂ ਇਨ੍ਹਾਂ ਸਤਿਕਾਰਤ ਪਦਵੀਆਂ ’ਤੇ ਇੱਕ ਵਿਅਕਤੀ ਇੱਕ ਅਹੁਦਾ ਦੀ ਨੀਤੀ ਲਾਗੂ ਕੀਤੀ ਜਾਵੇ। ਇਸੇ ਤਹਿਤ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਖਾਲੀ ਪਏ ਅਹੁਦੇ ਵਾਸਤੇ ਪੰਥਕ ਸੰਪਰਦਾਵਾਂ ਤੇ ਜਥੇਬੰਦੀਆਂ ਦੀ ਸਲਾਹ ਨਾਲ ਜਲਦ ਹੀ ਨਿਯੁਕਤੀ ਕਰ ਦਿੱਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਰਹੁਰੀਤਾਂ, ਪਰੰਪਰਾਵਾਂ ਅਤੇ ਇਤਿਹਾਸ ਸਾਡਾ ਮਾਰਗ ਦਰਸ਼ਨ ਹਨ। ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ ਅਤੇ ਸਮੂਹਿਕ ਤੇ ਸੰਗਠਿਤ ਪ੍ਰਭਾਵ ਨਾਲ ਅੱਗੇ ਵਧਿਆ ਜਾਵੇਗਾ, ਤਾਂ ਜੋ ਕੌਮ ਨੂੰ ਸਮੇਂ-ਸਮੇਂ ਪੇਸ਼ ਆਉਂਦੀਆਂ ਚੁਣੌਤੀਆਂ ਨਾਲ ਜਥੇਬੰਦਕ ਭਾਵਨਾ ਤਹਿਤ ਨਜਿੱਠਿਆ ਜਾ ਸਕੇ। ਐਡਵੋਕੇਟ ਧਾਮੀ ਨੇ ਕਿਹਾ ਕਿ ਪਹਿਲਾਂ ਹੀ ਕੌਮ ਦੀਆਂ ਦੁਸ਼ਮਣ ਤਾਕਤਾਂ ਸਿੱਖ ਸੰਸਥਾਵਾਂ ਅਤੇ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ। ਜੇਕਰ ਕੌਮ ਨੇ ਇੱਕਜੁੱਟਤਾ ਦਾ ਪ੍ਰਭਾਵ ਨਾ ਦਿੱਤਾ ਤਾਂ ਸਿੱਖ ਵਿਰੋਧੀ ਸ਼ਕਤੀਆਂ ਆਪਣੀ ਮਨਸ਼ਾ ਵਿੱਚ ਕਾਮਯਾਬ ਹੁੰਦੀਆਂ ਰਹਿਣਗੀਆਂ।

ਐਡਵੋਕੇਟ ਧਾਮੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਤਖ਼ਤ ਸਾਹਿਬਾਨ ’ਤੇ ਸੇਵਾ ਨਿਭਾਉਣ ਵਾਲੇ ਜਥੇਦਾਰ ਸਾਹਿਬਾਨ ਦੀ ਰੁਖਸਤੀ ਇਕ ਸਨਮਾਨਜਨਕ ਢੰਗ ਨਾਲ ਕੀਤੀ ਜਾਇਆ ਕਰੇਗੀ। ਇਹ ਵੀ ਯਤਨ ਕੀਤਾ ਜਾਵੇਗਾ ਕਿ ਪਿਛਲੇ ਸਮੇਂ ਦੌਰਾਨ ਸੇਵਾ ਮੁਕਤ ਕੀਤੇ ਸਿੰਘ ਸਾਹਿਬਾਨ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਜਾਵੇ।

ਐਡਵੋਕੇਟ ਧਾਮੀ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸੇਵਾ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ, ਜਿਸ ਪ੍ਰਤੀ ਉਹ ਸੁਚੇਤ ਵੀ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਅਸਤੀਫਾ ਦੇਣ ਬਾਅਦ ਸਾਰੀਆਂ ਹੀ ਧਾਰਮਿਕ, ਸਮਾਜਿਕ, ਸਿਆਸੀ ਧਿਰਾਂ ਦੇ ਨਾਲ ਨਾਲ ਸਤਿਕਾਰਤ ਸਿੰਘ ਸਾਹਿਬਾਨ ਨੇ ਸੇਵਾ ਸੰਭਾਲਣ ਦੀ ਪ੍ਰੇਰਣਾ ਕੀਤੀ ਸੀ, ਜਿਸ ਲਈ ਉਹ ਸਭ ਦਾ ਧੰਨਵਾਦ ਕਰਦੇ ਹਨ ਅਤੇ ਯਤਨ ਕਰਨਗੇ ਕਿ ਸਾਰਿਆਂ ਸੰਪਰਦਾਵਾਂ ਤੇ ਸੰਸਥਾਵਾਂ ਵੱਲੋਂ ਪ੍ਰਗਟ ਕੀਤੇ ਭਰੋਸੇ ਉੱਤੇ ਖਰਾ ਉਤਰ ਸਕਣ।

Trending news

;