Patiala News: ਗ੍ਰਿਫ਼ਤਾਰ ਹੋਏ ਦੋਸ਼ੀਆਂ ਦੀ ਪਛਾਣ ਮਾਨਵ ਉਰਫ ਗਾਂਧੀ ਅਤੇ ਸਚਿਨ ਵਜੋਂ ਹੋਈ ਹੈ। ਇਹ ਦੋਵੇਂ ਸ਼ਖ਼ਸ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਹਨ।
Trending Photos
Patiala News: ਪੰਜਾਬ ਵਿੱਚ ਗੈਂਗਸਟਰਾਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਲਾਰੈਂਸ ਬਿਸ਼ਨੋਈ ਅਤੇ ਲਵ ਲਾਹੌਰਿਆ ਗੈਂਗ ਨਾਲ ਸੰਬੰਧਤ ਦੋ ਗੈਂਗਸਟਰਾਂ ਨੂੰ 10 ਪਿਸਤੌਲ, ਵੱਡੀ ਮਾਤਰਾ 'ਚ ਕਾਰਤੂਸ ਅਤੇ ਮੈਗਜ਼ੀਨਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਦੀ ਜਾਣਕਾਰੀ ਅੱਜ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਡੀਜੀਪੀ ਅਤੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਰਾਜ 'ਚੋਂ ਗੈਂਗਸਟਰਵਾਦ ਨੂੰ ਜੜ ਤੋਂ ਖ਼ਤਮ ਕਰਨ ਲਈ ਪਟਿਆਲਾ ਪੁਲਿਸ ਵੱਲੋਂ ਰੋਜ਼ਾਨਾ ਕਿਸੇ ਨਾ ਕਿਸੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਗ੍ਰਿਫ਼ਤਾਰ ਹੋਏ ਦੋਸ਼ੀਆਂ ਦੀ ਪਛਾਣ ਮਾਨਵ ਉਰਫ ਗਾਂਧੀ ਅਤੇ ਸਚਿਨ ਵਜੋਂ ਹੋਈ ਹੈ। ਇਹ ਦੋਵੇਂ ਸ਼ਖ਼ਸ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਹਨ। ਪੁਲਿਸ ਅਨੁਸਾਰ, ਇਨ੍ਹਾਂ ਨੇ 2024 ਵਿੱਚ ਹੋਏ ਤੇਜਪਾਲ ਨੇਹਰਾ ਕਤਲ ਕਾਂਡ ਦਾ ਬਦਲਾ ਲੈਣ ਲਈ ਯੋਜਨਾ ਬਣਾਈ ਸੀ। ਜੇਲ੍ਹ 'ਚ ਬੰਦ ਅਮਨਦੀਪ ਉਰਫ ਜੱਟ ਦੇ ਬਾਹਰ ਆਉਣ 'ਤੇ ਇਹਨਾਂ ਨੇ ਉਸ ਦੀ ਹੱਤਿਆ ਕਰਨੀ ਸੀ, ਜਿਸ ਲਈ ਇਨ੍ਹਾਂ ਵੱਲੋਂ ਵੱਡੀ ਮਾਤਰਾ 'ਚ ਹਥਿਆਰ ਇਕੱਠੇ ਕੀਤੇ ਗਏ ਸਨ।
ਐਸਐਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਦੋਸ਼ੀਆਂ ਉੱਤੇ ਪਹਿਲਾਂ ਤੋਂ ਹੀ ਇਰਾਦਾ ਕਤਲ ਵਰਗੇ ਗੰਭੀਰ ਮਾਮਲੇ ਦਰਜ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਲਾਰੈਂਸ ਬਿਸ਼ਨੋਈ ਗੈਂਗ ਨੂੰ ਵੱਡਾ ਝਟਕਾ ਲੱਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਗੈਂਗਸਟਰਾਂ ਨੂੰ ਸਪੱਸ਼ਟ ਸੁਨੇਹਾ ਦਿੰਦੇ ਹੋਏ ਕਿਹਾ...ਪੰਜਾਬ ਪੁਲਿਸ, ਖ਼ਾਸ ਕਰਕੇ ਪਟਿਆਲਾ ਪੁਲਿਸ, ਗੈਂਗਸਟਰਵਾਦ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਠੋਰ ਕਾਰਵਾਈ ਕੀਤੀ ਜਾਵੇਗੀ।"
ਐਸਐਸਪੀ ਨੇ ਇਹ ਵੀ ਦੱਸਿਆ ਕਿ ਦੋਸ਼ੀਆਂ ਕੋਲੋਂ ਮਿਲੇ ਮੋਬਾਈਲਾਂ ਵਿੱਚੋਂ ਕੁਝ ਤਸਵੀਰਾਂ ਵੀ ਬਰਾਮਦ ਹੋਈਆਂ ਹਨ, ਜਿਨ੍ਹਾਂ ਵਿੱਚ ਹੋਰ ਗੈਂਗਸਟਰਾਂ ਦੇ ਨਾਲ ਉਨ੍ਹਾਂ ਦੀ ਮੌਜੂਦਗੀ ਦਿਖਾਈ ਦੇ ਰਹੀ ਹੈ। ਪੁਲਿਸ ਹੁਣ ਉਹਨਾਂ ਦੀ ਵੀ ਪਛਾਣ ਕਰਕੇ ਗ੍ਰਿਫ਼ਤਾਰੀ ਲਈ ਟੀਮਾਂ ਭੇਜ ਰਹੀ ਹੈ।