Tarn Taran Encounter: ਤਰਨਤਾਰਨ ਵਿੱਚ ਮੰਗਲਵਾਰ ਨੂੰ ਦਿਨ ਚੜ੍ਹਦੇ ਹੀ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲੇ ਦੀ ਖਬਰ ਸਾਹਮਣੇ ਆ ਰਹੀ ਹੈ।
Trending Photos
Tarn Taran Encounter: ਤਰਨਤਾਰਨ ਵਿੱਚ ਮੰਗਲਵਾਰ ਨੂੰ ਦਿਨ ਚੜ੍ਹਦੇ ਹੀ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲੇ ਦੀ ਖਬਰ ਸਾਹਮਣੇ ਆ ਰਹੀ ਹੈ। ਬਦਮਾਸ਼ਾਂ ਵੱਲੋਂ ਕੀਤੀ ਗਈ ਫਾਇਰਿੰਗ ਤੋਂ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਇੱਕ ਬਦਮਾਸ਼ ਜ਼ਖ਼ਮੀ ਹੋ ਗਿਆ ਹੈ। ਮੁਕਾਬਲੇ ਤੋਂ ਬਾਅਦ ਪੁਲਿਸ ਨੇ ਇੱਕ ਮੋਟਰਸਾਈਕਲ ਤੇ ਪਿਸਤੌਲ ਬਰਾਮਦ ਕੀਤਾ ਹੈ। ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
ਤਰਨਤਾਰਨ ਪੁਲਿਸ ਨੇ ਮੁਕਾਬਲੇ ਮਗਰੋਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦਿਆਂ ਸਰਹੱਦ ਪਾਰ ਤਸਕਰੀ ਨੈੱਟਵਰਕ 'ਤੇ ਸ਼ਿਕੰਜਾ ਕੱਸਿਆ ਹੈ। ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਸੀਆਈਏ ਸਟਾਫ਼ ਤਰਨਤਾਰਨ ਵੱਲੋਂ ਗੁਪਤ ਸੂਚਨਾ ਦੇ ਅਧਾਰ 'ਤੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਯੋਜਨਾ ਬਣਾਈ ਗਈ ਸੀ। ਇਸ ਦੌਰਾਨ ਦੋਹਾਂ ਮੁਲਜ਼ਮਾਂ ਨੇ ਭੁੱਸੇ ਰੱਖ ਥਾਣਾ ਸਰਾਏ ਅਮਾਨਤ ਖ਼ਾਨ ਨੇੜੇ ਪੁਲਿਸ ਮੁਲਾਜ਼ਮਾਂ 'ਤੇ ਫ਼ਾਇਰਿੰਗ ਕਰ ਦਿੱਤੀ। ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ, ਜਿਸ ਵਿਚ ਇਕ ਮੁਲਜ਼ਮ ਦੇ ਗੋਲ਼ੀ ਲੱਗ ਗਈ ਤੇ ਉਹ ਜ਼ਖ਼ਮੀ ਹੋ ਗਿਆ। ਉਸ ਦੇ ਸਾਥੀ ਵੱਲੋਂ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਐਨਕਾਊਂਟਰ ਵਿਚ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋਏ ਮੁਲਜ਼ਮ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਉਸ ਦੇ ਸਾਥੀ ਸਵਰਨ ਕੁਮਾਰ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਹਾਂ ਕੋਲੋਂ 2 ਗਲਾਕ ਪਿਸਤੌਲਾਂ ਤੇ ਇਕ ਮੋਟਰਸਾਈਕਲ ਬਰਾਮਦ ਹੋਈ ਹੈ। ਇਹ ਦੋਵੇਂ ਸਰਹੱਦ ਪਾਰ ਤਸਕਰੀ ਨੈੱਟਵਰਕ ਦਾ ਹਿੱਸਾ ਸਨ।
ਦੂਜੇ ਪਾਸੇ ਬੀਤੀ ਰਾਤ ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਨ੍ਹਾਂ ਜਾਣਕਾਰੀ ਦਿੱਤੀ ਕਿ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਜਲੰਧਰ ਦਿਹਾਤੀ ਦੇ ਸ਼ਾਹਕੋਟ ਲੋਹੀਆ ਦੇ ਕੁਤਬੇਵਾਲ ਇਲਾਕੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਨ੍ਹਾਂ ਵਿਰੁੱਧ ਪਹਿਲਾਂ ਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਸਲਾ ਐਕਟ, ਡਕੈਤੀ ਆਦਿ ਦੇ ਕਈ ਮਾਮਲੇ ਦਰਜ ਹਨ।
ਐਸਐਸਪੀ ਅਨੁਸਾਰ ਜਦੋਂ ਪੁਲਿਸ ਟੀਮ ਨੂੰ ਸੂਚਨਾ ਮਿਲੀ ਕਿ ਉਹ ਜਲੰਧਰ ਦੇ ਸ਼ਾਹਕੋਟ ਲੋਹੀਆ ਇਲਾਕੇ ਵਿੱਚ ਘੁੰਮ ਰਹੇ ਹਨ, ਤਾਂ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ। ਇਹ ਤਿੰਨੋਂ ਮੁਲਜ਼ਮ ਜਿਨ੍ਹਾਂ ਦੇ ਨਾਮ ਲਵਪ੍ਰੀਤ, ਗੁਰਪ੍ਰੀਤ ਅਤੇ ਰੋਹਿਤ ਹਨ, ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਮੁਲਜ਼ਮ ਗੁਰਪ੍ਰੀਤ ਗੋਪੀ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਸੀਆਈਏ ਸਟਾਫ ਦਾ ਏਐਸਆਈ ਮਨਦੀਪ ਸਿੰਘ ਵਾਲ-ਵਾਲ ਬਚ ਗਿਆ ਅਤੇ ਜਦੋਂ ਮਨਦੀਪ ਸਿੰਘ ਨੇ ਆਪਣੀ ਸਰਵਿਸ ਪਿਸਤੌਲ ਤੋਂ ਸਵੈ-ਰੱਖਿਆ ਵਿੱਚ ਗੁਰਪ੍ਰੀਤ 'ਤੇ ਗੋਲੀ ਚਲਾਈ ਤਾਂ ਇੱਕ ਗੋਲੀ ਗੁਰਪ੍ਰੀਤ ਦੇ ਪੇਟ ਵਿੱਚ ਲੱਗੀ। ਇਸ ਤੋਂ ਬਾਅਦ ਗੁਰਪ੍ਰੀਤ ਨੂੰ ਤੁਰੰਤ ਲੋਹੀਆ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਲਵਪ੍ਰੀਤ ਅਤੇ ਰੋਹਿਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ, ਇੱਕ ਪਿਸਤੌਲ, ਤਿੰਨ ਕਾਰਤੂਸ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ।