Ferozepur News: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਗ੍ਰਹਿਣ ਲੱਗਦਾ ਜਾ ਰਿਹਾ ਹੈ ਕਿਉਂਕਿ ਰੋਜ਼ਾਨਾ ਹੀ ਨੌਜਵਾਨਾਂ ਨੂੰ ਨਸ਼ੇ ਦੀ ਭੇਟ ਚੜ੍ਹਦੇ ਜਾ ਰਹੇ ਹਨ।
Trending Photos
Ferozepur News: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਗ੍ਰਹਿਣ ਲੱਗਦਾ ਜਾ ਰਿਹਾ ਹੈ ਕਿਉਂਕਿ ਰੋਜ਼ਾਨਾ ਹੀ ਨੌਜਵਾਨਾਂ ਨੂੰ ਨਸ਼ੇ ਦੀ ਭੇਟ ਚੜ੍ਹਦੇ ਜਾ ਰਹੇ ਹਨ। ਤਾਜ਼ਾ ਮਾਮਲਾ ਪਿੰਡ ਗੁਰਦਿੱਤੀ ਵਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਮਨਦੀਪ ਸਿੰਘ ਉਰਫ ਮੰਗਾ ਪੁੱਤਰ ਪੂਰਨ ਸਿੰਘ ਵੱਲੋਂ ਨਸ਼ੇ ਦੇ ਓਵਰਡੋਜ਼ ਟੀਕਾ ਲਗਾਉਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਮਨਜੀਤ ਸਿੰਘ ਦੀ ਲਾਸ਼ ਮੱਲਾਵਾਲਾ ਦੇ ਜੈਮਲ ਵਾਲਾ ਰੋਡ ਮੇਨ ਚੌਕ ਤੋਂ ਮਿਲੀ ਹੈ ਜਿੱਥੇ ਉਸ ਨੇ ਨਸ਼ੇ ਦਾ ਓਵਰਡੋਜ਼ ਟੀਕਾ ਲਗਾਇਆ ਸੀ।
ਮ੍ਰਿਤਕ ਨੌਜਵਾਨ ਵਿਆਹਿਆ ਹੋਇਆ ਸੀ ਅਤੇ ਉਸਦਾ 9 ਸਾਲ ਦਾ ਪੁੱਤਰ ਅਤੇ 14 ਸਾਲਾਂ ਦੀ ਲੜਕੀ ਹੈ। ਮ੍ਰਿਤਕ ਦੇ ਚਾਚਾ ਦਰਸ਼ਨ ਸਿੰਘ ਨੇ ਦੱਸਿਆ ਕਿ ਮੱਲਾਂ ਵਾਲਾ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪਰ ਪੁਲਿਸ ਨਸ਼ੇ ਵਿਰੁੱਧ ਕਾਰਵਾਈ ਕਰਨ ਨੂੰ ਤਿਆਰ ਨਹੀਂ ਜਿਸ ਕਾਰਨ ਅੱਜ ਸਾਡੇ ਭਤੀਜੇ ਦੀ ਮੌਤ ਹੋ ਗਈ ਹੈ। ਪਿੰਡ ਦੇ ਜਸਬੀਰ ਸਿੰਘ ਨੇ ਕਿਹਾ ਕਿ ਪੁਲਿਸ ਨਸ਼ਿਆਂ ਵਾਲਿਆਂ ਦੇ ਨਾਲ ਰਲੀ ਪਈ ਹੈ। ਬੀਤੇ ਦਿਨੀਂ ਵੀ ਇੱਕ ਨੌਜਵਾਨ ਨਸ਼ੇ ਦੀ ਓਵਰਡੋਜ਼ ਟੀਕਾ ਲਗਾਉਣ ਨਾਲ ਮਰ ਗਿਆ ਸੀ ਪਰ ਪੁਲਿਸ ਨੇ ਉਸ ਕੇਸ ਵਿੱਚ ਕਿਸੇ ਨਸ਼ਾ ਵੇਚਣ ਵਾਲਿਆਂ ਉਤੇ ਕੋਈ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਨਸ਼ੇੜੀਆਂ ਨੂੰ ਆਸਾਨੀ ਨਾਲ ਨਸ਼ਾ ਮਿਲ ਜਾਂਦਾ ਹੈ ਸਰਕਾਰ ਨੂੰ ਪੂਰੀ ਤਾਕਤ ਨਾਲ ਨਸ਼ਿਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਮ੍ਰਿਤਕ ਮਨਦੀਪ ਸਿੰਘ ਦੇ ਬਾਪ ਪੂਰਨ ਸਿੰਘ ਨੇ ਦੱਸਿਆ ਕਿ ਮੱਲਾਂਵਾਲਾ ਵਿੱਚ ਨਸ਼ਾ ਤਸਕਰ ਨਸ਼ੇ ਦੀ ਚੰਗੀ ਕੁਆਲਿਟੀ ਦਾ ਸ਼ਰੇਆਮ ਭਰੋਸਾ ਦੇ ਬੋਲੀ ਲਾ ਕੇ ਨਸ਼ਾ ਵੇਚਦੇ ਹਨ ਜਿਸ ਦਾ ਆਮ ਲੋਕਾਂ ਨੂੰ ਵੀ ਪਤਾ ਹੈ ਪਰ ਅਫਸੋਸ ਕੇ ਮੋਟੀਆਂ ਤਨਖਾਹਾਂ ਲੈਣ ਵਾਲੇ ਅਫਸਰ ਇਨ੍ਹਾਂ ਗੱਲਾਂ ਤੋਂ ਕਿਉਂ ਅਣਜਾਣ ਹਨ।
ਉਨ੍ਹਾਂ ਨੇ ਕਿਹਾ ਕਿ ਕਿੰਨੇ ਹੀ ਘਰ ਮੇਰੇ ਵਾਂਗੂੰ ਬੇਸਹਾਰਾ ਹੋ ਰਹੇ ਹਨ। ਨੌਜਵਾਨ ਨਸ਼ੇ ਦੇ ਨਾਲ ਬਰਬਾਦ ਹੋ ਰਹੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਵਿੱਚ ਅੱਤਵਾਦ ਦੇ ਟਿਕਾਣੇ ਲੱਭ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਪੰਜਾਬ ਅੰਦਰ ਨਸ਼ੇ ਤੇ ਕਾਰਵਾਈ ਵਿੱਚ ਕਿਉਂ ਸਰਕਾਰ ਨਾਕਾਮ ਸਿੱਧ ਹੋ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਤਸਕਰਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਨੌਜਵਾਨਾਂ ਤੇ ਉਜੜਦੇ ਘਰਾਂ ਦੇ ਚਿਰਾਗਾਂ ਨੂੰ ਬਚਾਇਆ ਜਾ ਸਕੇ।