Fazilka News: "ਮੈਂ ਆਪਣੇ ਪੁੱਤਰ ਨੂੰ ਕਈ ਵਾਰੀ ਸਮਝਾਇਆ ਪਰ ਉਹ ਨਹੀਂ ਮੰਨਿਆ। ਸਿਰਫ ਦੋ ਮਹੀਨੇ ਪਹਿਲਾਂ ਉਸਦਾ ਵਿਆਹ ਹੋਇਆ ਸੀ। ਪਰ ਜਦੋਂ ਘਰ 'ਚ ਕੋਈ ਨਹੀਂ ਸੀ, ਤਾਂ ਉਸਨੇ ਨਸ਼ੇ ਦੀ ਜ਼ਿਆਦਾ ਡੋਜ਼ ਲੈ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ," ਸਰਪੰਚ ਨੇ ਭਰੇ ਮਨ ਨਾਲ ਦੱਸਿਆ।
Trending Photos
Fazilka News: ਜਲਾਲਾਬਾਦ ਦੇ ਪਿੰਡ ਇਸਲਾਮਵਾਲਾ ਵਿੱਚ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਸਰਪੰਚ ਸੁਖਪਾਲ ਸਿੰਘ ਦੇ 24 ਸਾਲਾ ਪੁੱਤਰ ਰਪਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਸਰਪੰਚ ਨੇ ਦੱਸਿਆ ਕਿ ਉਸਦਾ ਪੁੱਤਰ ਵਾਟਰ ਵਰਕਸ 'ਤੇ ਨੌਕਰੀ ਕਰਦਾ ਸੀ, ਅਤੇ ਪਿੰਡਾਂ ਨੂੰ ਪਾਣੀ ਛੱਡਦਾ ਸੀ। ਉੱਥੇ ਨੇੜੇ ਹੀ ਇੱਕ ਘਰ 'ਚ ਨਸ਼ਾ ਵੇਚਿਆ ਜਾਂਦਾ ਸੀ, ਜਿੱਥੋਂ ਉਸਦੇ ਪੁੱਤਰ ਨੇ ਵੀ ਨਸ਼ਾ ਲੈਣਾ ਸ਼ੁਰੂ ਕਰ ਦਿੱਤਾ।
ਸਰਪੰਚ ਸੁਖਪਾਲ ਸਿੰਘ ਨੇ ਦਾਅਵਾ ਕੀਤਾ ਕਿ ਇਲਾਕੇ ਵਿੱਚ ਨਸ਼ੇ ਖੁੱਲ੍ਹੇਆਮ ਵਿਕਦੇ ਹਨ ਉਸਨੇ ਪੁਲਿਸ ਨੂੰ ਕਈ ਵਾਰੀ ਇਸ ਖਿਲਾਫ ਸ਼ਿਕਾਇਤ ਵੀ ਕੀਤੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। "ਮੈਂ ਆਪਣੇ ਪੁੱਤਰ ਨੂੰ ਕਈ ਵਾਰੀ ਸਮਝਾਇਆ ਪਰ ਉਹ ਨਹੀਂ ਮੰਨਿਆ। ਸਿਰਫ ਦੋ ਮਹੀਨੇ ਪਹਿਲਾਂ ਉਸਦਾ ਵਿਆਹ ਹੋਇਆ ਸੀ। ਪਰ ਜਦੋਂ ਘਰ 'ਚ ਕੋਈ ਨਹੀਂ ਸੀ, ਤਾਂ ਉਸਨੇ ਨਸ਼ੇ ਦੀ ਜ਼ਿਆਦਾ ਡੋਜ਼ ਲੈ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ," ਸਰਪੰਚ ਨੇ ਭਰੇ ਮਨ ਨਾਲ ਦੱਸਿਆ।
ਇਸ ਮਾਮਲੇ 'ਤੇ ਦੁੱਖ ਪ੍ਰਗਟਾਉਣ ਲਈ ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ ਆਂਵਲਾ ਵੀ ਪਰਿਵਾਰ ਨੂੰ ਮਿਲੇ। ਉਨ੍ਹਾਂ ਨੇ ਕਿਹਾ ਕਿ "ਸਰਪੰਚ ਵਲੋਂ ਕਈ ਵਾਰੀ ਨਸ਼ੇ ਦੇ ਠੇਕੇ ਬੰਦ ਕਰਵਾਉਣ ਦੀ ਮੰਗ ਕੀਤੀ ਗਈ, ਪਰ ਪੁਲਿਸ ਨੇ ਕੋਈ ਗੰਭੀਰਤਾ ਨਹੀਂ ਦਿਖਾਈ। ਅੱਜ ਉਸਦਾ ਆਪਣਾ ਪੁੱਤਰ ਹੀ ਨਸ਼ੇ ਦੀ ਲਤ ਕਾਰਨ ਮਰ ਗਿਆ। ਇਹ ਪ੍ਰਸ਼ਾਸਨ ਦੀ ਵੱਡੀ ਨਾਕਾਮੀ ਹੈ।" ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਜਾਂਚ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
ਦੂਜੇ ਪਾਸੇ ਜਲਾਲਾਬਾਦ ਦੇ ਡੀ.ਐੱਸ.ਪੀ. ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਿਸ ਵਿਅਕਤੀ ਦੇ ਪਰਿਵਾਰ ਉੱਤੇ ਸਰਪੰਚ ਵਲੋਂ ਨਸ਼ਾ ਵੇਚਣ ਦੇ ਦੋਸ਼ ਲਾਏ ਗਏ ਹਨ, ਉਸ ਵਿਰੁੱਧ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਇਸ ਮਾਮਲੇ ਨੇ ਇਲਾਕੇ 'ਚ ਨਸ਼ਾ ਖ਼ਿਲਾਫ਼ ਕਾਨੂੰਨੀ ਪ੍ਰਬੰਧਾਂ 'ਤੇ ਸਵਾਲ ਚੁੱਕ ਦਿੱਤੇ ਹਨ। ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।