Nangal News: ਨੰਗਲ ਸ਼ਹਿਰ ਦੇ ਵਾਰਡ ਨੰਬਰ ਇੱਕ ਵਿੱਚ ਇੱਕ ਵਾਰ ਫਿਰ ਤੇਂਦੂਏ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਹਨ, ਜਿਸ ਨਾਲ ਇਲਾਕਾ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
Trending Photos
Nangal News(ਬਿਮਲ ਸ਼ਰਮਾ): ਨੰਗਲ ਸ਼ਹਿਰ ਦੇ ਵਾਰਡ ਨੰਬਰ ਇੱਕ ਵਿੱਚ ਇੱਕ ਵਾਰ ਫਿਰ ਤੇਂਦੂਏ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਹਨ, ਜਿਸ ਨਾਲ ਇਲਾਕਾ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਕਿਹਾ ਕਿ ਇਸ ਜੰਗਲੀ ਜਾਨਵਰ ਨੂੰ ਜਲਦੀ ਹੀ ਪਿੰਜਰਾ ਲਗਾ ਕੇ ਫੜ ਲਿਆ ਜਾਵੇਗਾ।
ਨੰਗਲ ਦੇ ਵਾਰਡ ਨੰਬਰ ਇੱਕ ਵਿੱਚ ਤੇਂਦੂਏ ਦੇ ਆਉਣ ਨਾਲ ਇੱਕ ਵਾਰ ਫਿਰ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਲੋਕਾਂ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤੇਂਦੂਏ ਨੂੰ ਫੜ੍ਹ ਕੇ ਕਿਤੇ ਦੂਰ ਛੱਡ ਦੇਣ ਅਤੇ ਪਹਿਲਾਂ ਵਾਂਗ ਇਸ ਵਾਰ ਵੀ ਸੀਸੀਟੀਵੀ ਕੈਮਰਿਆਂ ਵਿੱਚ ਤੇਂਦੂਏ ਦੀਆਂ ਤਸਵੀਰਾਂ ਸਪੱਸ਼ਟ ਤੌਰ 'ਤੇ ਕੈਦ ਹੋ ਗਈਆਂ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਾਰਡ ਨੰਬਰ 1 ਦੇ ਨਿਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਲਗਭਗ 2 ਵਜੇ ਸੀਸੀਟੀਵੀ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਤੇ ਨਾਲ ਹੀ ਤੇਂਦੂਏ ਦੀ ਆਵਾਜ਼ ਸੁਣ ਕੇ ਕੁੱਤੇ ਭੌਂਕਣਾ ਸ਼ੁਰੂ ਕਰ ਦਿੰਦੇ ਹਨ ਅਤੇ ਤੇਂਦੂਆ ਦੋਵਾਂ ਕੁੱਤਿਆਂ ਦਾ ਸ਼ਿਕਾਰ ਕਰਨ ਲਈ ਭੱਜਦਾ ਹੈ ਪਰ ਕੁੱਤੇ ਭੱਜ ਕੇ ਆਪਣੀ ਜਾਨ ਬਚਾਉਂਦੇ ਹਨ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਇਸ ਤਰ੍ਹਾਂ ਕਈ ਦਿਨਾਂ ਤੱਕ ਸੀਸੀਟੀਵੀ ਕੈਮਰਿਆਂ ਵਿੱਚ ਤੇਂਦੂਏ ਦੀਆਂ ਤਸਵੀਰਾਂ ਕੈਦ ਹੋਈਆਂ ਸਨ ਪਰ ਜੰਗਲੀ ਜੀਵ ਸੁਰੱਖਿਆ ਵਿਭਾਗ ਕਈ ਦਿਨਾਂ ਤੱਕ ਸ਼ਿਕਾਰ ਦੇ ਨਾਲ ਪਿੰਜਰਾ ਲਗਾਉਂਦਾ ਰਿਹਾ ਅਤੇ ਰਾਤ ਨੂੰ ਗਸ਼ਤ ਵੀ ਕਰਦਾ ਰਿਹਾ ਅਤੇ ਇਹ ਖੂੰਖਾਰ ਜਾਨਵਰ ਪਿੰਜਰੇ ਵਿੱਚ ਫਸਿਆ ਨਹੀਂ।
ਅੱਜ ਫਿਰ ਇਸ ਖੂੰਖਾਰ ਜਾਨਵਰ ਦੀ ਦਸਤਕ ਨੇ ਉਨ੍ਹਾਂ ਨੂੰ ਆਪਣੇ ਬੱਚਿਆਂ ਅਤੇ ਰਾਤ ਦੀ ਡਿਊਟੀ 'ਤੇ ਜਾਣ ਵਾਲਿਆਂ ਦੀ ਚਿੰਤਾ ਕਰਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਲੋਕਾਂ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਤੇਂਦੂਏ ਨੂੰ ਫੜ ਕੇ ਕਿਤੇ ਦੂਰ ਛੱਡ ਦਿੱਤਾ ਜਾਵੇ। ਦੂਜੇ ਪਾਸੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਗਾਰਡ ਜਸਵੀਰ ਸਿੰਘ ਨੇ ਕਿਹਾ ਕਿ ਜਲਦੀ ਹੀ ਇਸ ਤੇਂਦੂਏ ਨੂੰ ਫੜ੍ਹਨ ਲਈ ਸ਼ਿਕਾਰ ਦੇ ਸਾਮਾਨ ਦੇ ਨਾਲ ਇੱਕ ਪਿੰਜਰਾ ਲਗਾਇਆ ਜਾਵੇਗਾ ਅਤੇ ਗਸ਼ਤ ਵੀ ਵਧਾਈ ਜਾਵੇਗੀ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਜਗਾ ਕੇ ਰੱਖਣ ਅਤੇ ਬਾਹਰ ਨਿਕਲਦੇ ਸਮੇਂ ਆਪਣੇ ਹੱਥ ਵਿੱਚ ਕੋਈ ਹਥਿਆਰ ਜਾਂ ਸੋਟੀ ਲੈ ਕੇ ਜਾਣ।