Dera Bassi News: ਡੇਰਾਬੱਸੀ ਖੇਤਰ ਦੇ ਪਿੰਡ ਸੁੰਡਰਾ ਵਿੱਚ ਸਥਿਤ 200 ਸਾਲ ਪੁਰਾਣੇ ਸ਼ੀਤਲਾ ਮਾਤਾ ਮੰਦਿਰ ਦਾ ਵਿਵਾਦ ਰੁਕਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ।
Trending Photos
Dera Bassi News: ਡੇਰਾਬੱਸੀ ਖੇਤਰ ਦੇ ਪਿੰਡ ਸੁੰਡਰਾ ਵਿੱਚ ਸਥਿਤ 200 ਸਾਲ ਪੁਰਾਣੇ ਸ਼ੀਤਲਾ ਮਾਤਾ ਮੰਦਿਰ ਦਾ ਵਿਵਾਦ ਰੁਕਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ। ਪਿੰਡ ਵਾਸੀਆਂ ਨੇ ਕਬਜ਼ਾ ਧਾਰਕਾਂ ਉਤੇ ਕਾਰਵਾਈ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ, ਮੰਦਰ ਦੇ ਪੁਜਾਰੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ, ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਪਿੰਡ ਦੇ ਕੁਝ ਲੋਕਾਂ ਨਾਲ ਮਿਲ ਕੇ ਜ਼ਬਰਦਸਤੀ ਮੰਦਿਰ ਵਿੱਚ ਇੱਕ ਨਵਾਂ ਪੁਜਾਰੀ ਨਿਯੁਕਤ ਕੀਤਾ ਹੈ, ਹਾਲਾਂਕਿ, ਪਿੰਡ ਵਾਸੀਆਂ ਨੂੰ ਨਵੇਂ ਪੁਜਾਰੀ ਦੀ ਮੌਜੂਦਗੀ 'ਤੇ ਵੀ ਇਤਰਾਜ਼ ਹੈ।
ਮੰਦਿਰ ਦੇ ਪੁਜਾਰੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਇਸ ਮਾਮਲੇ ਸਬੰਧੀ ਐੱਸਐੱਸਪੀ ਮੋਹਾਲੀ ਅਤੇ ਡੀਸੀ ਮੋਹਾਲੀ ਨੂੰ ਸਾਂਝੇ ਤੌਰ 'ਤੇ ਮੰਗਾਂ ਦਾ ਮੰਗ ਪੱਤਰ ਸੌਂਪਿਆ ਗਿਆ ਸੀ ਪਰ ਹੁਣ ਤੱਕ ਪ੍ਰਸ਼ਾਸਨਿਕ ਪੱਧਰ 'ਤੇ ਕੋਈ ਕਾਰਵਾਈ ਨਹੀਂ ਹੋਈ। ਮੰਦਿਰ ਦੇ ਪੁਜਾਰੀ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਲਦੀ ਹੀ ਇਸ ਮਾਮਲੇ ਵਿੱਚ ਕਾਰਵਾਈ ਨਹੀਂ ਕੀਤੀ ਤਾਂ ਇਨਸਾਫ਼ ਲਈ ਵੱਡੇ ਪੱਧਰ 'ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਪਿੰਡ ਵਾਸੀਆਂ ਨੇ ਡੀਸੀ ਮੋਹਾਲੀ ਅਤੇ ਐਸਐਸਪੀ ਮੋਹਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ 4 ਮਈ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਮੰਦਰ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਿੰਡ ਵਾਸੀਆਂ ਅਨੁਸਾਰ ਜਦੋਂ ਪਿੰਡ ਵਾਸੀ ਮੰਦਰ ਵਿੱਚ ਮੌਜੂਦ ਨਹੀਂ ਸਨ, ਤਾਂ ਇਨ੍ਹਾਂ ਸ਼ਰਾਰਤੀ ਲੋਕਾਂ ਨੇ ਮੌਕਾ ਸੰਭਾਲਿਆ ਅਤੇ ਮੰਦਰ ਵਿੱਚ ਦਾਖਲ ਹੋ ਗਏ। ਉਨ੍ਹਾਂ ਕਿਹਾ ਸੀ ਕਿ 150 ਸਾਲਾਂ ਤੋਂ ਮੰਦਰ ਦੀ ਸੇਵਾ ਕਰ ਰਹੇ ਪੁਜਾਰੀ ਪਰਿਵਾਰ ਨੂੰ ਡਰਾਉਣ ਅਤੇ ਮੰਦਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੰਦਰ 'ਤੇ ਕਬਜ਼ਾ ਕਰਨ ਆਏ ਲੋਕ ਹਥਿਆਰਬੰਦ ਸਨ ਅਤੇ ਜੁੱਤੇ ਪਾ ਕੇ ਮੰਦਰ ਦੇ ਆਲੇ-ਦੁਆਲੇ ਘੁੰਮਦੇ ਸਨ, ਜਿਸ ਨਾਲ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ।
ਮੰਦਰ ਦੇ ਸੇਵਕ ਨੱਥੂ ਰਾਮ ਨੇ ਕਿਹਾ ਸੀ ਕਿ ਉਹ ਪਿੰਡ ਦੇ ਸਰਪੰਚ ਦੇ ਪੁੱਤਰ ਦੇ ਕਹਿਣ 'ਤੇ ਹੀ ਮੰਦਰ ਗਏ ਸਨ। ਉਸਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਮੰਦਰ 'ਤੇ ਕਬਜ਼ਾ ਕਰਨ ਦੀ ਕੋਈ ਯੋਜਨਾ ਬਣਾਈ ਗਈ ਸੀ। ਨੱਥੂ ਰਾਮ ਨੇ ਸਪੱਸ਼ਟ ਕੀਤਾ ਕਿ ਉਸਦਾ ਇਸ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਜਦੋਂ ਉਸਨੂੰ ਸੱਚਾਈ ਦਾ ਪਤਾ ਲੱਗਾ ਤਾਂ ਉਹ ਵੀ ਹੈਰਾਨ ਰਹਿ ਗਿਆ ਸੀ। ਪਿੰਡ ਵਾਸੀਆਂ ਨੇ ਮੋਹਾਲੀ ਦੇ ਏਡੀਸੀ ਸੋਨਮ ਚੌਧਰੀ ਅਤੇ ਐਸਐਸਪੀ ਦੀਪਕ ਪਾਰੀਕ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।