Bathinda News: ਇਹ ਕਾਰਵਾਈ ਬਠਿੰਡਾ ਦੇ ਨਵਰਾਜ ਢਾਬੇ ਵਿਖੇ ਹੋਈ ਜਿੱਥੇ ਗਿਰੋਹ ਨੂੰ ਦੋ ਗੁਜਰਾਤ ਰਜਿਸਟਰਡ ਟੈਂਕਰਾਂ ਵਿੱਚ 80,000 ਲੀਟਰ ਈਥੇਨੌਲ (40,000 ਲੀਟਰ ਹਰੇਕ) ਦੀ ਢੋਆ-ਢੁਆਈ ਕਰਦੇ ਰੰਗੇ ਹੱਥੀਂ ਫੜਿਆ।
Trending Photos
Bathinda News: AAP ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਸ਼ਰਾਬ ਦੇ ਵਪਾਰ ਨੂੰ ਰੋਕਣ ਦੇ ਯਤਨਾਂ ਵਿੱਚ ਮਿਲੀ ਇੱਕ ਮਹੱਤਵਪੂਰਨ ਸਫਲਤਾ ਦਾ ਐਲਾਨ ਕਰਦੇ ਹੋਏ, ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਗਰੁੱਪ (ਆਬਕਾਰੀ) ਅਤੇ ਆਬਕਾਰੀ ਪੁਲਿਸ ਦੁਆਰਾ ਵੀਰਵਾਰ ਦੇਰ ਸ਼ਾਮ ਨੂੰ ਕੀਤੇ ਗਏ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਬਠਿੰਡਾ ਖੇਤਰ ਵਿੱਚ 80,000 ਲੀਟਰ ਈਥੇਨੌਲ਼ ਜ਼ਬਤ ਕੀਤੀ ਗਈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਨਾਜਾਇਜ਼ ਸ਼ਰਾਬ ਦੇ ਵਪਾਰ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਦੇ ਮਹੱਤਵਪੂਰਨ ਨਤੀਜਿਆਂ ਅਨੁਸਾਰ ਹੁਣ ਤੱਕ ਕੁੱਲ 1,70,000 ਲੀਟਰ ਈਐਨਏ/ਈਥੇਨੌਲ ਜ਼ਬਤ ਕੀਤਾ ਗਿਆ ਹੈ।
ਇੱਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੁਫੀਆ ਜਾਣਕਾਰੀ-ਅਧਾਰਤ ਇਸ ਕਾਰਵਾਈ ਦਾ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਈਥੇਨੌਲ/ਸ਼ਰਾਬ ਦੀ ਚੋਰੀ ਅਤੇ ਸਟੋਰੇਜ ਵਿੱਚ ਲੱਗੇ ਇੱਕ ਗਿਰੋਹ ਬਾਰੇ ਭਰੋਸੇਯੋਗ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਵਿਸ਼ੇਸ਼ ਟੀਮਾਂ ਨੇ ਸਾਵਧਾਨੀ ਅਤੇ ਯੋਜਨਾਬੱਧ ਢੰਗ ਨਾਲ ਜਾਲ ਵਿਛਾ ਕੇ ਛਾਪੇਮਾਰੀ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਬਠਿੰਡਾ ਦੇ ਨਵਰਾਜ ਢਾਬੇ ਵਿਖੇ ਹੋਈ ਜਿੱਥੇ ਗਿਰੋਹ ਨੂੰ ਦੋ ਗੁਜਰਾਤ ਰਜਿਸਟਰਡ ਟੈਂਕਰਾਂ ਵਿੱਚ 80,000 ਲੀਟਰ ਈਥੇਨੌਲ (40,000 ਲੀਟਰ ਹਰੇਕ) ਦੀ ਢੋਆ-ਢੁਆਈ ਕਰਦੇ ਰੰਗੇ ਹੱਥੀਂ ਫੜਿਆ।
ਵਿੱਤ ਮੰਤਰੀ ਨੇ ਕਿਹਾ ਕਿ ਜ਼ਬਤ ਕੀਤਾ ਗਿਆ ਈਥੇਨੌਲ ਚੱਕ ਆਲੀਆ, ਦੀਨਾਨਗਰ, ਗੁਰਦਾਸਪੁਰ ਵਿੱਚ ਵੀਆਰਵੀ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਤੋਂ ਲੋਡ ਕੀਤਾ ਗਿਆ ਸੀ, ਜੋ ਕਿ ਆਈਓਸੀਐਲ ਬਠਿੰਡਾ ਜਾ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਹ ਸ਼ੱਕ ਹੈ ਕਿ ਇਹ ਖੇਪ ਚੋਰੀ-ਛੁਪੇ ਗੈਰ-ਕਾਨੂੰਨੀ ਵਰਤੋਂ ਲਈ ਉਨ੍ਹਾਂ ਰਾਜਾਂ ਵਿੱਚ ਲਿਜਾਣ ਲਈ ਸੀ ਜਿੱਥੇ ਸ਼ਰਾਬ ਦਾ ਉਤਪਾਦਨ ਅਤੇ ਵਿਕਰੀ 'ਤੇ ਪਾਬੰਦੀ ਹੈ। ਵਿੱਤ ਮੰਤਰੀ ਚੀਮਾ ਨੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦੇ ਦੂਰਗਾਮੀ ਨਤੀਜਿਆਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਜੇਕਰ ਫੜ੍ਹੀ ਨਾ ਕੀਤੀ ਜਾਂਦੀ ਤਾਂ ਇਸ ਈਥੇਨੌਲ਼ ਦੀ ਵਰਤੋਂ ਕਈ ਹੋਰ ਉਤਪਾਦਾਂ ਦੇ ਗੈਰ-ਕਾਨੂੰਨੀ ਉਤਪਾਦਨ ਲਈ ਕੀਤੀ ਜਾ ਸਕਦੀ ਸੀ, ਜਿਸ ਵਿੱਚ ਲਗਭਗ 3,72,000 ਬੋਤਲਾਂ 50-ਡਿਗਰੀ ਦੇਸੀ ਸ਼ਰਾਬ, 2,47,000 ਬੋਤਲਾਂ 70-ਡਿਗਰੀ ਅੰਗਰੇਜੀ ਸ਼ਰਾਬ, ਜਾਂ 1.04 ਲੱਖ ਲੀਟਰ ਸੈਨੀਟਾਈਜ਼ਰ ਸ਼ਾਮਲ ਹਨ।
ਹੋਰ ਵੇਰਵੇ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਮੌਕੇ 'ਤੇ ਕੁੱਲ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਗੈਰ-ਕਾਨੂੰਨੀ ਕਾਰਵਾਈ ਵਿੱਚ ਸ਼ਾਮਲ ਹੋਣ ਦੇ ਸ਼ੱਕੀ ਦੋ ਵਾਹਨ, ਇੱਕ ਟੋਇਟਾ ਈਟੀਓਸ ਜਿਸਦਾ ਰਜਿਸਟ੍ਰੇਸ਼ਨ ਨੰਬਰ ਪੀਬੀ03ਏਵਾਈ5567 ਹੈ ਅਤੇ ਇੱਕ ਇਨੋਵਾ ਜਿਸਦਾ ਰਜਿਸਟ੍ਰੇਸ਼ਨ ਨੰਬਰ ਐਚਆਰ26ਸੀਵਾਈ2961 ਹੈ, ਨੂੰ ਵੀ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਸਬੰਧਤ ਕਾਨੂੰਨਾਂ ਦੇ ਤਹਿਤ ਬਠਿੰਡਾ ਦੇ ਸਦਰ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਵਿੱਚ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਲਈ ਉਮਰ ਕੈਦ ਦੀ ਸਜ਼ਾ ਦੇ ਉਪਬੰਧ ਸ਼ਾਮਲ ਹਨ।
ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਇਸ ਗੈਰ-ਕਾਨੂੰਨੀ ਕਾਰਵਾਈ ਨਾਲ ਜੁੜੇ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਇਸ ਸਮੇਂ ਇੱਕ ਵਿਆਪਕ ਜਾਂਚ ਚੱਲ ਰਹੀ ਹੈ, ਜਿਸ ਵਿੱਚ ਇਸ ਗੈਰ-ਕਾਨੂੰਨੀ ਕਾਰਵਾਈ ਵਿੱਚ ਸ਼ਾਮਿਲ ਅੱਗੇ ਅਤੇ ਪਿੱਛੇ ਦੋਵੇਂ ਤਰ੍ਹਾਂ ਦੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਭਾਵੇਂ ਉਹ ਕਿਸੇ ਵੀ ਅਹੁਦੇ ਜਾ ਪ੍ਰਭਾਵ ਵਾਲੇ ਹੋਣ, ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਨੂੰ ਯਕੀਨੀ ਬਣਾਉਣ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।
ਸਪੈਸ਼ਲ ਆਪ੍ਰੇਸ਼ਨ ਗਰੁੱਪ (ਆਬਕਾਰੀ) ਅਤੇ ਆਬਕਾਰੀ ਪੁਲਿਸ ਦੀ ਸਫਲ ਕਾਰਵਾਈ ਲਈ ਸ਼ਲਾਘਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਾਜਾਇਜ਼ ਸ਼ਰਾਬ ਦੇ ਵਪਾਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦੇ ਦ੍ਰਿੜ ਇਰਾਦੇ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਇਨ੍ਹਾਂ ਨਾਜਾਇਜ਼ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਗੈਰ-ਕਾਨੂੰਨੀ ਉਦੇਸ਼ਾਂ ਲਈ ਈਥਾਨੌਲ ਦੀ ਦੁਰਵਰਤੋਂ ਨੂੰ ਰੋਕਣ ਲਈ ਅਣਥੱਕ ਯਤਨ ਕਰ ਕਿਹਾ ਹੈ ਅਤੇ ਵਿਭਾਗ ਸੂਬੇ ਵਿੱਚ ਨਾਜਾਇਜ਼ ਸ਼ਰਾਬ ਦੇ ਵਪਾਰ ਦੀ ਰੀੜ੍ਹ ਦੀ ਹੱਡੀ ਤੋੜਨ ਲਈ ਦ੍ਰਿੜ ਹੈ।