Malout News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਜਾਰੀ ਹੈ।
Trending Photos
Malout News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਜਾਰੀ ਹੈ। ਇਸ ਲੜੀ ਤਹਿਤ ਅੱਜ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ 03 ਨਸ਼ਾ ਤਸਕਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਇਮਾਰਤਾਂ ਨੂੰ ਢਾਹਿਆ ਗਿਆ।
ਐਸਐਸਪੀ ਡਾ. ਅਖਿਲ ਚੌਧਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਥਾਣਾ ਸਦਰ ਮਲੋਟ ਅਧੀਨ ਪਿੰਡ ਝੋਰੜ ਵਿੱਚ ਰਾਣੀ ਪਤਨੀ ਬਿੱਲਾ ਸਿੰਘ, ਚਰਨਜੀਤ ਕੌਰ ਉਰਫ ਭੁੱਪੋ ਪਤਨੀ ਸ਼ਿੰਦਾ ਸਿੰਘ ਅਤੇ ਸੀਤੋ ਉਰਫ ਸੱਤੋ ਪਤਨੀ ਜਸਵਿੰਦਰ ਸਿੰਘ ਉਰਫ ਮਾਲੀ, ਇਨ੍ਹਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਇਮਾਰਤਾਂ ਬਣਾਈਆਂ ਗਈਆਂ ਸਨ।
ਇਸ ਸਬੰਧੀ ਡੀਡੀਪੀਓ ਦੀ ਅਦਾਲਤ ਵੱਲੋਂ ਨਾਜਾਇਜ਼ ਕਬਜ਼ੇ ਦੇ ਕੇਸ ਵਿੱਚ ਇਨ੍ਹਾਂ ਇਮਾਰਤਾਂ ਨੂੰ ਗੈਰਕਾਨੂੰਨੀ ਐਲਾਨਿਆ ਗਿਆ ਸੀ ਜਿਸ ਤੋਂ ਇਸ ਨੂੰ ਢਾਉਣ ਮੌਕੇ ਸੁਰੱਖਿਆ ਪ੍ਰਬੰਧ ਕਰਨ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ ਜਿਸ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਾਰਵਾਈ ਕਰਦਿਆਂ ਇਨ੍ਹਾਂ ਇਮਾਰਤਾਂ ਨੂੰ ਢਾਹ ਦਿੱਤਾ ਗਿਆ।
ਐਸਐਸਪੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਇੱਕ ਇਮਾਰਤ ਦੀ ਰਾਣੀ ਪਤਨੀ ਬਿੱਲਾ ਸਿੰਘ ਦੀ ਹੈ ਅਤੇ ਉਸ ਉੱਪਰ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ 08 ਮੁਕੱਦਮੇ ਦਰਜ ਹਨ, ਦੂਜੀ ਇਮਾਰਤ ਚਰਨਜੀਤ ਕੌਰ ਉਰਫ ਭੁੱਪੋ ਪਤਨੀ ਸ਼ਿੰਦਾ ਸਿੰਘ ਦੀ ਹੈ ਜਿਸ ਖ਼ਿਲਾਫ਼ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ 06 ਮੁਕੱਦਮੇ ਦਰਜ ਹਨ ਅਤੇ ਤੀਜੀ ਇਮਾਰਤ ਸੀਤੋ ਉਰਫ ਸੱਤੋ ਪਤਨੀ ਜਸਵਿੰਦਰ ਸਿੰਘ ਉਰਫ ਮਾਲੀ ਦੀ ਹੈ ਜਿਸ ਉੱਪਰ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ 05 ਮੁਕੱਦਮੇ ਦਰਜ ਹਨ।
ਐਸਐਸਪੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਵਿਆਪਕ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ ਉਸ ਨੂੰ ਅਟੈਚ ਕਰਵਾਇਆ ਜਾਵੇਗਾ ਅਤੇ ਜੇਕਰ ਕਿਸੇ ਨੇ ਸਰਕਾਰੀ ਸੰਪਤੀ ਉਤੇ ਕੋਈ ਇਮਾਰਤ ਬਣਾਈ ਤਾਂ ਉਸ ਨੂੰ ਨਸ਼ਟ ਕਰ ਦਿੱਤਾ ਜਾਵੇਗਾ।
ਉਨ੍ਹਾਂ ਨੇ ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਨਿਡਰ ਹੋ ਕੇ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮਨਮੀਤ ਸਿੰਘ ਐਸਪੀ (ਡੀ), ਇਕਬਾਲ ਸਿੰਘ ਡੀਐਸਪੀ ਮਲੋਟ, ਰਸ਼ਪਾਲ ਸਿੰਘ ਡੀਐਸਪੀ ਐਨਡੀਪੀਐਸ, ਬੀਡੀਪੀਓ ਕੇਵਲ ਕੁਮਾਰ ਗੋਇਲ, ਐਸਡੀਓ ਮੋਨਿਕਾ ਗਗਨੇਜਾ ਅਤੇ ਇੰਸਪੈਕਟਰ ਦਵਿੰਦਰ ਸਿੰਘ ਐਸਐਚਓ ਸਦਰ ਮਲੋਟ ਵੀ ਹਾਜ਼ਰ ਸਨ।