Trending Photos
Mansa News: ਮਾਨਸਾ ਦੇ ਪਿੰਡ ਠੂਠਿਆਂਵਾਲੀ ਦੇ 24 ਸਾਲਾਂ ਨੌਜਵਾਨ ਦੀ ਬਟਾਲਾ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਤੋਂ ਬਾਅਦ ਮ੍ਰਿਤਕ ਨੌਜਵਾਨ ਦੀ ਮਾਂ ਨੇ ਆਪਣੇ ਹੀ ਰਿਸ਼ਤੇਦਾਰਾਂ ਉਤੇ ਦੋਸ਼ ਲਗਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਮਾਨਸਾ ਸਿਵਲ ਹਸਪਤਾਲ ਤੋਂ ਲਾਸ਼ ਨੂੰ ਪੋਸਟਮਾਰਟਮ ਲਈ ਬਟਾਲਾ ਪੁਲਿਸ ਲੈ ਗਈ ਹੈ।
ਮਾਨਸਾ ਦੇ ਪਿੰਡ ਠੂਠਿਆਂਵਾਲੀ ਦਾ ਨੌਜਵਾਨ ਹਰਪ੍ਰੀਤ ਸਿੰਘ ਉਰਫ ਗੋਗਾ (24) ਕਣਕ ਦੀ ਕਟਾਈ ਕਰਨ ਲਈ ਪਿਛਲੇ ਦਿਨੀਂ ਬਟਾਲਾ ਵਿੱਚ ਗਿਆ ਸੀ ਜਿੱਥੇ ਉਸ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਰਿਸ਼ਤੇਦਾਰਾਂ ਵੱਲੋਂ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸੰਸਕਾਰ ਕੀਤਾ ਜਾ ਰਿਹਾ ਸੀ ਪਰ ਮੌਕੇ ਉਤੇ ਪਹੁੰਚੀ ਮ੍ਰਿਤਕ ਨੌਜਵਾਨ ਦੀ ਮਾਂ ਨੇ ਆਪਣੇ ਹੀ ਨਜ਼ਦੀਕੀ ਰਿਸ਼ਤੇਦਾਰਾਂ ਉਤੇ ਸ਼ੱਕ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਸਦਾ ਬੇਟੇ ਨੂੰ ਉਸਦੇ ਚਾਚੇ ਤਾਇਆ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਜ਼ਬਰਦਸਤੀ ਉਸ ਨੂੰ ਬਟਾਲਾ ਵਿੱਚ ਕੰਬਾਈਨ ਤੇ ਭੇਜਿਆ ਗਿਆ ਜਿੱਥੇ ਉਸਦੀ ਮੌਤ ਹੋ ਗਈ ਮੌਤ ਕਿਵੇਂ ਹੋਈ ਅਜੇ ਤੱਕ ਇਸ ਦੀ ਵੀ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਉਨ੍ਹਾਂ ਨੇ ਦੋਸ਼ ਲਾਇਆ ਕਿ ਬੀਤੇ ਕੱਲ੍ਹ ਚਾਚੇ ਤਾਇਆ ਵੱਲੋਂ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸੰਸਕਾਰ ਕੀਤਾ ਜਾ ਰਿਹਾ ਸੀ ਪਰ ਜਦੋਂ ਉਨ੍ਹਾਂ ਨੂੰ ਇਸ ਸਬੰਧੀ ਫੋਨ ਗਿਆ ਤਾਂ ਉਹਨਾਂ ਤੁਰੰਤ ਆ ਕੇ ਲਾਸ਼ ਨੂੰ ਹਸਪਤਾਲ ਲੈ ਆਏ। ਮ੍ਰਿਤਕ ਨੌਜਵਾਨ ਦੀ ਮਾਂ ਚਰਨਜੀਤ ਕੌਰ ਨੇ ਇਨਸਾਫ ਦੀ ਮੰਗ ਕਰਦੇ ਹੋਏ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਦੀ ਵੀ ਮੰਗ ਕੀਤੀ ਹੈ। ਮ੍ਰਿਤਕ ਦੇ ਰਿਸ਼ਤੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਮਾਂ ਆਪਣੇ ਪੇਕੇ ਪਿੰਡ ਰਹਿੰਦੀ ਹੈ ਤੇ ਹਰਪ੍ਰੀਤ ਸਿੰਘ ਆਪਣੇ ਪਿੰਡ ਹੀ ਆਪਣੇ ਚਾਚੇ ਤਾਇਆ ਦੇ ਕੋਲ ਰਹਿੰਦਾ ਸੀ।
ਮਾਨਸਾ ਸਿਵਲ ਹਸਪਤਾਲ ਦੀ ਐਸਐਮਓ ਡਾਕਟਰ ਅੰਜੂ ਕਾਂਸਲ ਨੇ ਦੱਸਿਆ ਕਿ ਬੀਤੇ ਕੱਲ੍ਹ ਉਨ੍ਹਾਂ ਕੋਲ 24 ਸਾਲਾ ਨੌਜਵਾਨ ਦੀ ਮ੍ਰਿਤਕ ਲਾਸ਼ ਪਹੁੰਚੀ ਸੀ ਜਿਸ ਦਾ ਬਟਾਲਾ ਵਿੱਚ ਕੋਈ ਐਕਸੀਡੈਂਟ ਹੋਇਆ ਸੀ ਪਰ ਉਸ ਦਾ ਪੋਸਟਮਾਰਟ ਨਹੀਂ ਹੋਇਆ ਤੇ ਅੱਜ ਬਟਾਲਾ ਦੀ ਪੁਲਿਸ ਪੋਸਟਮਾਰਟਮ ਦੇ ਲਈ ਲਾਸ਼ ਨੂੰ ਬਟਾਲਾ ਲੈ ਗਈ ਹੈ।