Kargil Vijay Diwas: ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ।
Trending Photos
Kargil Vijay Diwas: ਕਾਰਗਿਲ ਵਿਜੇ ਦਿਵਸ ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਉਨ੍ਹਾਂ ਬਹਾਦਰ ਪੁੱਤਰਾਂ ਦੀ ਯਾਦ ਨੂੰ ਸਮਰਪਿਤ ਹੈ ਜਿਨ੍ਹਾਂ ਨੇ 1999 ਵਿੱਚ ਪਾਕਿਸਤਾਨ ਵਿਰੁੱਧ ਕਾਰਗਿਲ ਯੁੱਧ ਵਿੱਚ ਅਦੁੱਤੀ ਹਿੰਮਤ ਦਿਖਾਈ ਅਤੇ ਭਾਰਤ ਦੀਆਂ ਸਰਹੱਦਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਕਾਰਗਿਲ ਯੁੱਧ ਵਿੱਚ ਕਿਸੇ ਨੇ ਆਪਣਾ ਪੁੱਤਰ ਗੁਆ ਦਿੱਤਾ, ਕਿਸੇ ਨੇ ਆਪਣਾ ਭਰਾ ਗੁਆ ਦਿੱਤਾ ਅਤੇ ਕਿਸੇ ਨੇ ਆਪਣਾ ਪਿਤਾ ਗੁਆ ਦਿੱਤਾ।
ਕਾਰਗਿਲ ਵਿਜੇ ਦਿਵਸ ਹਰ ਸਾਲ 1999 ਵਿੱਚ ਕਾਰਗਿਲ ਯੁੱਧ ਅਤੇ ਆਪ੍ਰੇਸ਼ਨ ਵਿਜੇ ਦੀ ਸਫਲਤਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਉਨ੍ਹਾਂ ਨਾਇਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਅਤੇ ਭਾਰਤ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਆਪਣੀਆਂ ਜਾਨਾਂ ਵਾਰੀਆਂ। 1999 ਵਿੱਚ, ਭਾਰਤ ਅਤੇ ਪਾਕਿਸਤਾਨ ਵਿਚਕਾਰ 2 ਮਹੀਨੇ ਚੱਲੀ ਜੰਗ ਇਸ ਦਿਨ ਖਤਮ ਹੋਈ। ਭਾਰਤ ਜਿੱਤ ਗਿਆ ਸੀ, ਜਿਸ ਕਾਰਨ ਇਸਦਾ ਨਾਮ ਕਾਰਗਿਲ ਵਿਜੇ ਦਿਵਸ ਰੱਖਿਆ ਗਿਆ।
ਘੁਸਪੈਠੀਏ ਪਹਿਲਾਂ ਲੁਕੇ ਹੋਏ ਸਨ
3 ਮਈ 1999 ਨੂੰ ਇੱਕ ਸਥਾਨਕ ਆਜੜੀ ਆਪਣੇ ਨਵੇਂ ਯਾਕ ਦੀ ਭਾਲ ਵਿੱਚ ਕਾਰਗਿਲ ਦੇ ਪਹਾੜੀ ਖੇਤਰ ਵਿੱਚ ਘੁੰਮ ਰਿਹਾ ਸੀ ਜਦੋਂ ਉਸਨੇ ਉੱਥੇ ਕਈ ਭਾਰੀ ਹਥਿਆਰਾਂ ਨਾਲ ਲੈਸ ਪਾਕਿਸਤਾਨੀ ਫੌਜੀਆਂ ਨੂੰ ਦੇਖਿਆ। ਆਜੜੀ ਦਾ ਨਾਂ ਤਾਸ਼ੀ ਨਾਮਗਿਆਲ ਸੀ। ਤਾਸ਼ੀ ਨੇ ਫੌਜ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ 5 ਮਈ ਨੂੰ ਇਲਾਕੇ 'ਚ ਘੁਸਪੈਠ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਭਾਰਤੀ ਫੌਜ ਦੇ ਜਵਾਨਾਂ ਨੂੰ ਉਥੇ ਭੇਜਿਆ ਗਿਆ। ਇਸ ਦੌਰਾਨ ਪੰਜ ਭਾਰਤੀ ਜਵਾਨ ਸ਼ਹੀਦ ਹੋ ਗਏ ਸਨ।
'ਆਪ੍ਰੇਸ਼ਨ ਵਿਜੇ' ਦੀ ਸ਼ੁਰੂਆਤ
ਕੁਝ ਦਿਨਾਂ ਬਾਅਦ ਪਾਕਿਸਤਾਨੀ ਫੌਜੀ ਕਾਫੀ ਗਿਣਤੀ ਵਿਚ ਕਾਰਗਿਲ ਪਹੁੰਚ ਚੁੱਕੇ ਸਨ। 9 ਮਈ 1999 ਨੂੰ ਭਾਰਤੀ ਫੌਜ ਦੇ ਅਸਲਾ ਡਿਪੂ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਾਰੀ ਗੋਲਾਬਾਰੀ ਕੀਤੀ ਗਈ। 10 ਮਈ ਤੱਕ ਉਹ ਐਲ.ਓ.ਸੀ ਦੇ ਪਾਰ ਜੰਮੂ ਅਤੇ ਕਸ਼ਮੀਰ ਦੇ ਹੋਰ ਹਿੱਸਿਆਂ ਵਿੱਚ ਘੁਸਪੈਠ ਕਰ ਚੁੱਕੇ ਸਨ, ਜਿਸ ਵਿੱਚ ਦਰਾਸ ਅਤੇ ਕੱਸਰ ਸੈਕਟਰ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਭਾਰਤੀ ਫੌਜ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਫੌਜ ਦੇ ਜਵਾਨਾਂ ਵੱਲੋਂ 'ਆਪ੍ਰੇਸ਼ਨ ਵਿਜੇ' ਸ਼ੁਰੂ ਕਰ ਦਿੱਤਾ ਗਿਆ। ਘੁਸਪੈਠੀਆਂ ਦੇ ਇਰਾਦਿਆਂ ਨੂੰ ਨਾਕਾਮ ਕਰਨ ਲਈ ਕਸ਼ਮੀਰ ਘਾਟੀ ਤੋਂ ਕਾਰਗਿਲ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਫ਼ੌਜ ਭੇਜੀ ਗਈ।
ਭਾਰਤੀ ਹਵਾਈ ਫੌਜ ਵੀ ਹੋਈ ਸ਼ਾਮਲ
26 ਮਈ ਨੂੰ ਭਾਰਤੀ ਹਵਾਈ ਸੈਨਾ ਨੇ ਘੁਸਪੈਠੀਆਂ 'ਤੇ ਹਵਾਈ ਹਮਲੇ ਸ਼ੁਰੂ ਕਰਕੇ ਜਵਾਬੀ ਕਾਰਵਾਈ ਕੀਤੀ। 1 ਜੂਨ ਨੂੰ ਪਾਕਿਸਤਾਨੀ ਫੌਜ ਨੇ ਹਮਲਿਆਂ ਦੀ ਰਫਤਾਰ ਵਧਾ ਦਿੱਤੀ ਅਤੇ ਨੈਸ਼ਨਲ ਹਾਈਵੇਅ 1 ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਭਾਰਤੀ ਨਾਇਕਾਂ ਨੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ 9 ਜੂਨ ਤੱਕ ਜੰਮੂ-ਕਸ਼ਮੀਰ ਦੇ ਬਟਾਲਿਕ ਸੈਕਟਰ ਦੀਆਂ ਦੋ ਵੱਡੀਆਂ ਚੋਟੀਆਂ 'ਤੇ ਮੁੜ ਕਬਜ਼ਾ ਕਰ ਲਿਆ।
'ਆਪ੍ਰੇਸ਼ਨ ਵਿਜੇ' 26 ਜੁਲਾਈ ਨੂੰ ਹੋਇਆ ਪੂਰਾ
ਇੱਥੇ 14 ਜੁਲਾਈ ਨੂੰ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਫ਼ੌਜ ਦੇ 'ਆਪ੍ਰੇਸ਼ਨ ਵਿਜੇ' ਨੂੰ ਸਫ਼ਲਤਾਪੂਰਵਕ ਪੂਰਾ ਕਰਨ ਦਾ ਐਲਾਨ ਕੀਤਾ ਅਤੇ 26 ਜੁਲਾਈ ਨੂੰ ਪਾਕਿਸਤਾਨੀ ਫ਼ੌਜ ਵੱਲੋਂ ਘੁਸਪੈਠ ਕੀਤੀਆਂ ਸਾਰੀਆਂ ਚੋਟੀਆਂ 'ਤੇ ਮੁੜ ਕਬਜ਼ਾ ਕਰਕੇ ਭਾਰਤ ਨੇ ਜੰਗ ਜਿੱਤ ਲਈ ਸੀ। ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਸ਼ਿਮਲਾ ਸਮਝੌਤੇ 'ਤੇ ਦਸਤਖਤ ਕੀਤੇ ਸਨ। ਜਿਸ ਮਗਰੋਂ ਇਹ ਸਹਿਮਤੀ ਬਣੀ ਕਿ ਸਰਹੱਦ 'ਤੇ ਕੋਈ ਟਕਰਾਅ ਨਹੀਂ ਹੋਵੇਗਾ ਹਾਲਾਂਕਿ ਇਹ ਪਾਕਿਸਤਾਨ ਹੀ ਸੀ ਜਿਸ ਨੇ ਸਮਝੌਤਾ ਰੱਦ ਕਰਕੇ ਭਾਰਤ 'ਤੇ ਹਮਲਾ ਕੀਤਾ ਸੀ।
ਦੋ ਮਹੀਨਿਆਂ ਤੱਕ ਚਲੀ ਜੰਗ 'ਚ ਸ਼ਹੀਦ ਹੋਏ 500 ਤੋਂ ਵੱਧ ਫ਼ੌਜੀ
ਦੋ ਮਹੀਨਿਆਂ ਤੋਂ ਵੱਧ ਚੱਲੀ ਕਾਰਗਿਲ ਜੰਗ ਵਿੱਚ ਅੰਦਾਜ਼ਨ 527 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ, ਜਦੋਂ ਕਿ 1,300 ਤੋਂ ਵੱਧ ਜ਼ਖ਼ਮੀ ਹੋਏ ਸਨ। 14 ਜੁਲਾਈ ਨੂੰ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਆਪਰੇਸ਼ਨ ਵਿਜੇ ਦੀ ਸਫ਼ਲਤਾ ਬਾਰੇ ਗੱਲ ਕੀਤੀ ਸੀ। 26 ਜੁਲਾਈ ਨੂੰ ਜੰਗ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ ਕਿਉਂਕਿ ਭਾਰਤ ਨੇ ਇਹ ਜੰਗ ਜਿੱਤ ਲਈ ਸੀ।