SBI Fraud Cases: ਫਰੀਦਕੋਟ ਦੇ ਕਸਬਾ ਸਾਦਿਕ ਵਿੱਚ ਐਸਬੀਆਈ ਬੈਂਕ ਦੇ ਮੁਲਾਜ਼ਮਾਂ ਵੱਲੋਂ ਅਮਾਨਤ ਵਿੱਚ ਖਿਆਨਤ ਕਰ ਲੋਕਾਂ ਦੇ ਲੱਖਾਂ ਰੁਪਏ ਕਢਵਾ ਉਨ੍ਹਾਂ ਨਾਲ ਧੋਖਾ ਕੀਤਾ।
Trending Photos
SBI Fraud Cases(ਨਰੇਸ਼ ਸੇਠੀ): ਫਰੀਦਕੋਟ ਦੇ ਕਸਬਾ ਸਾਦਿਕ ਵਿੱਚ ਲੋਕਾਂ ਨੇ ਆਪਣੇ ਜੀਵਨ ਭਰ ਦੀ ਕਮਾਈ ਨੂੰ ਸੁਰੱਖਿਅਤ ਸਮਝ ਕੇ ਜਮ੍ਹਾਂ ਕਰਵਾ ਦਿੱਤਾ ਸੀ ਪਰ ਬੈਂਕ ਦੇ ਮੁਲਾਜ਼ਮਾਂ ਵੱਲੋਂ ਅਮਾਨਤ ਵਿੱਚ ਖਿਆਨਤ ਕਰ ਲੋਕਾਂ ਦੇ ਲੱਖਾਂ ਰੁਪਏ ਕਢਵਾ ਉਨ੍ਹਾਂ ਨਾਲ ਧੋਖਾ ਕੀਤਾ।
ਬੈਂਕ ਦੇ ਸੀਨੀਅਰ ਕਲਰਕ ਉਤੇ ਗੰਭੀਰ ਇਲਜ਼ਾਮ ਵੀ ਲੱਗੇ ਹਨ। ਫਰੀਦਕੋਟ ਦੇ ਕਸਬਾ ਸਾਦਿਕ ਦੀ ਐਸਬੀਾਈ ਬ੍ਰਾਂਚ ਵਿੱਚ ਤਾਇਨਾਤ ਸੀਨੀਅਰ ਅਧਿਕਾਰੀ ਉਤੇ ਹੀ ਲੋਕਾਂ ਦੇ ਸੇਵਿੰਗ, ਫਿਕਸ ਡਿਪੋਜ਼ਿਟ ਅਤੇ ਲਿਮਿਟ ਦੇ ਪੈਸਿਆਂ ਨਾਲ ਕਥਿਤ ਹੇਰਾਫੇਰੀ ਦੇ ਦੋਸ਼ ਲੱਗੇ ਸਨ। ਹੁਣ ਬੈਂਕ ਧਾਰਕਾਂ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਵੀ ਉਤਰੀਆਂ ਜਿਨ੍ਹਾਂ ਵੱਲੋਂ ਬੈਂਕ ਦੇ ਬਾਹਰ ਧਰਨਾ ਲਗਾਇਆ ਗਿਆ ਤਾਂ ਜੋ ਬੈਂਕ ਦੇ ਗਾਹਕਾਂ ਨਾਲ ਵੱਜੀ ਠੱਗੀ ਦਾ ਪੈਸਾ ਵਾਪਸ ਕਰਵਾਇਆ ਜਾਵੇ।
ਸ਼ਿਕਾਇਤ ਮਿਲਣ ਮਗਰੋਂ ਬੈਂਕ ਦੇ ਉੱਚ ਅਧਿਕਾਰੀ ਪ੍ਰਵੇਸ਼ ਸੋਨੀ ਬ੍ਰਾਂਚ ਵਿੱਚ ਪੁੱਜ ਕੇ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਗਾਹਕਾਂ ਨੂੰ ਭਰੋਸਾ ਦਿੱਤਾ ਕੇ 90 ਦਿਨਾਂ ਤੋਂ ਪਹਿਲਾ ਉਨ੍ਹਾਂ ਦੀ ਸਾਰੀ ਅਦਾਇਗੀ ਸਮੇਤ ਵਿਆਜ ਵਾਪਸ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਤੇ ਐਸਬੀਆਈ ਬੈਂਕ ਉਨ੍ਹਾਂ ਦੇ ਨਾਲ ਖੜ੍ਹਾ ਹੈ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਧਰਨਾ ਖਤਮ ਕੀਤਾ ਗਿਆ। ਇਸ ਮੌਕੇ ਇੰਪਰੂਵਮੈਂਟ ਦੇ ਚੇਅਰਮੈਨ ਗਗਨਦੀਪ ਧਾਲੀਵਾਲ ਤੇ ਨਾਇਬ ਤਹਿਸੀਲਦਾਰ ਹਰਸ਼ ਗੋਇਲ ਵੀ ਮੌਕੇ ਉਤੇ ਪੁੱਜੇ ਅਤੇ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਇੰਪਰੂਵਮੈਂਟ ਟਰੱਸਟ ਫਰੀਦਕੋਟ ਦੇ ਚੇਅਰਮੈਨ ਗਗਨਦੀਪ ਧਾਲੀਵਾਲ ਨੇ ਕਿਹਾ ਕਿ ਫਰੀਦਕੋਟ ਪੁਲਿਸ ਬੜੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮ ਦੀ ਲੋਕੇਸ਼ਨ ਸਰਚ ਕਰਕੇ ਮਾਮਲਾ ਦਰਜ ਕਰ ਲਿਆ ਹੈ। ਜਲਦੀ ਹੀ ਮੁਲਜ਼ਮ ਨੂੰ ਫੜ੍ਹ ਲਿਆ ਜਾਵੇਗਾ ਅਤੇ ਲੋਕਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਇੱਕ-ਇੱਕ ਪੈਸਾ ਮਿਲੇਗਾ। ਕਿਸੇ ਨੂੰ ਕਿਸੇ ਕਿਸਮ ਦਾ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ।
ਇਸ ਮੌਕੇ ਰੀਜਨਲ ਅਫਸਰ ਪ੍ਰਵੇਸ਼ ਸੋਨੀ ਨੇ ਦੱਸਿਆ ਕਿ ਹੁਣ ਤੱਕ 90 ਲੋਕਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਜਿਨ੍ਹਾਂ ਨਾਲ ਫਰਾਡ ਹੋਇਆ ਹੈ। ਜਲਦ ਹੀ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰਕੇ ਠੱਗੀ ਦੀ ਰਕਮ ਦਾ ਹਿਸਾਬ ਲਗਾਇਆ ਜਾਵੇਗਾ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ 90 ਦਿਨਾਂ ਦੇ ਅੰਦਰ ਅੰਦਰ ਗਾਹਕਾਂ ਦਾ ਪੈਸਾ ਸਮੇਤ ਵਿਆਜ ਉਨ੍ਹਾਂ ਨੂੰ ਵਾਪਸ ਕੀਤਾ ਜਾਵੇਗਾ ਅਤੇ ਬੈਂਕ ਸਟਾਫ ਦਿਨ ਰਾਤ ਇੱਕ ਕਰ ਇਸ ਮਾਮਲੇ ਨੂੰ ਸੁਲਝਾਉਣ ਦਾ ਯਤਨ ਕਰਨਗੇ।