Derabassi News: ਡੇਰਾਬੱਸੀ ਦੇ ਹੈਬਤਪੁਰ ਨੇੜੇ ਸਥਿਤ ਗੋਲਡਨ ਪਾਮ ਹਾਊਸਿੰਗ ਸੋਸਾਇਟੀ ਵਸਨੀਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ।
Trending Photos
Derabassi News: ਡੇਰਾਬੱਸੀ ਦੇ ਹੈਬਤਪੁਰ ਨੇੜੇ ਸਥਿਤ ਗੋਲਡਨ ਪਾਮ ਹਾਊਸਿੰਗ ਸੋਸਾਇਟੀ ਵਸਨੀਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਬਿਲਡਰ ਦੇ ਝੂਠੇ ਲਾਰਿਆਂ ਤੋਂ ਅੱਕ ਕੇ ਸੋਸਾਇਟੀ ਵਾਸੀਆਂ ਨੇ ਬਿਲਡਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰੋਸ ਮਾਰਚ ਕੱਢਿਆ। ਇਸ ਮੌਕੇ ਲੋਕਾਂ ਨੇ ਸੋਸਾਇਟੀ ਦਾ ਗੇਟ ਬੰਦ ਕਰ ਧਰਨਾ ਵੀ ਲਾਇਆ।
ਰੋਸ ਪ੍ਰਦਰਸ਼ਨ ਕਰਦੇ ਲੋਕਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲੱਖਾਂ ਰੁਪਏ ਖਰਚ ਕੇ ਪਲਾਟ ਖ਼ਰੀਦ ਕੇ ਫੇਰ ਉਪਰ ਲੱਖਾਂ ਰੁਪਏ ਖਰਚ ਕੇ ਘਰ ਬਣਾਏ ਸਨ। ਪਲਾਟ ਵੇਚਣ ਸਮੇਂ ਬਿਲਡਰ ਸਨੀ ਗਰਗ ਨੇ ਹਰੇਕ ਤਰਾਂ ਦੀ ਸੁਵਿਧਾ, ਜਿਸ ਵਿੱਚ ਸਾਂਝਾ ਕਲੱਬ ਹਾਊਸ, ਵਧੀਆ ਪਾਰਕ, ਸੀਸੀਟੀਵੀ ਕੈਮਰਿਆਂ ਅਤੇ ਸੁਰੱਖਿਆ ਕਰਮੀਆਂ ਨਾਲ ਪੂਰੀ ਸੋਸਾਇਟੀ ਦੀ ਸੁਰੱਖਿਆ, ਚਾਰਦੀਵਾਰੀ, 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ, ਗੇਟ ਬੰਦ ਸੋਸਾਇਟੀ, ਜਿਮ, ਸੜਕਾਂ ਅਤੇ ਹੋਰ ਸਭ ਕੁਝ ਦੇਣ ਦੇ ਵਾਅਦੇ ਕੀਤੇ ਸਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਸੁਰੱਖਿਆ ਦੇ ਪ੍ਰਬੰਧ ਜ਼ੀਰੋ ਹਨ ਜਿਸਦੇ ਚੱਲਦੇ ਆਏ ਦਿਨ ਚੋਰੀ ਹੁੰਦੀ ਹੈ।
ਚਾਰ ਦੀਵਾਰੀ ਵੀ ਪੂਰੀ ਨਹੀਂ, ਬਾਹਰੀ ਵਿਅਕਤੀ ਕਿਸੇ ਪਾਸੇ ਤੋਂ ਵੀ ਅੰਦਰ ਦਾਖ਼ਲ ਹੋ ਸਕਦਾ ਹੈ। ਕਰੀਬ 8 ਸਾਲਾਂ ਬਾਅਦ ਵੀ ਇਕਲੌਤਾ ਕਲੱਬ ਹਾਊਸ ਅਧੂਰਾ ਪਿਆ ਹੈ, ਜੋ ਖੰਡਰ ਬਣ ਰਿਹਾ ਹੈ। ਸੋਸਾਇਟੀ ਵਾਸੀਆਂ ਨੇ ਦੋਸ਼ ਲਾਇਆ ਕਿ ਬਿਲਡਰ ਫੋਨ ਵੀ ਨਹੀਂ ਚੁੱਕਦੇ। ਡੀਸੀ ਮੋਹਾਲੀ ਤੋਂ ਲੈਕੇ ਐਸਡੀਐੱਮ ਡੇਰਾਬੱਸੀ, ਰੇਰਾ, ਨਗਰ ਕੌਂਸਲ ਵਿੱਚ ਸ਼ਿਕਾਇਤ ਕਰਨ ਉਤੇ ਕੋਈ ਸੁਣਵਾਈ ਨਹੀਂ ਕਰਦਾ।
ਲੋਕਾਂ ਨੇ ਦੋਸ਼ ਲਾਉਂਦੇ ਕਿਹਾ ਕਿ ਜਦੋਂ ਨਗਰ ਕੌਂਸਲ ਵਿੱਚ ਬੁਨਿਆਦੀ ਸਹੂਲਤਾਂ ਪੂਰੀ ਕਰਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਕੌਂਸਲ ਅਧਿਕਾਰੀ ਬਿਲਡਰ ਵੱਲੋਂ ਪੂਰੀ ਫ਼ੀਸ ਜਮ੍ਹਾਂ ਨਾ ਕਰਵਾਉਣ ਦੀ ਗੱਲ ਆਖ ਪਲਾ ਝਾੜ ਲੈਂਦੇ ਹਨ। ਸੋਸਾਇਟੀ ਵਾਸੀਆਂ ਨੇ ਕਿਹਾ ਕਿ ਉਕਤ ਬਿਲਡਰ ਡੇਰਾਬੱਸੀ ਵਿੱਚ ਹੀ ਹੋਰ ਹਾਊਸਿੰਗ ਪ੍ਰੋਜਕਟ ਬਣਾ ਰਿਹਾ ਹੈ, ਜਦਕਿ ਨਗਰ ਕੌਂਸਲ ਵਿੱਚ ਪਹਿਲੇ ਪ੍ਰੋਜੈਕਟ ਦੀ ਕਰੋੜਾਂ ਰੁਪਏ ਫੀਸ ਕਈ ਸਾਲਾਂ ਤੋਂ ਬਕਾਇਆ ਹੈ।
ਗੋਲਡਨ ਪਾਮ ਸੋਸਾਇਟੀ ਵਾਸੀਆਂ ਦੀ ਸਰਕਾਰ ਨੂੰ ਫਰਿਆਦ
ਰੋਸ ਪ੍ਰਗਟ ਕਰਦੇ ਵਸਨੀਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰਿਆਦ ਕਰਦੇ ਕਿਹਾ ਕਿ ਬਿਲਡਰ ਨੇ ਉਨ੍ਹਾਂ ਨਾਲ ਵਾਅਦੇ ਪੂਰੇ ਨਾ ਕਰਕੇ ਠੱਗੀ ਮਾਰੀ ਹੈ। ਸਰਕਾਰ ਇਕ ਪਾਸੇ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਖਤਮ ਹੋਣ ਦੇ ਦਾਅਵੇ ਕਰਦੀ ਹੈ ਪਰ ਉਨ੍ਹਾਂ ਦੀ ਸ਼ਿਕਾਇਤ ਉਤੇ ਬਿਲਡਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਿਹਾ।