Punjab Weather News: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਗਰਮੀ ਲਗਾਤਾਰ ਵੱਧ ਰਹੀ ਹੈ। ਸੂਬੇ ਵਿੱਚ ਵੀਰਵਾਰ ਅਤੇ ਸ਼ੁੱਕਰਵਾਰ ਦੋਵਾਂ ਨੂੰ ਹੀਟ ਵੇਵ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
Trending Photos
Punjab Weather News: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਗਰਮੀ ਲਗਾਤਾਰ ਵੱਧ ਰਹੀ ਹੈ। ਸੂਬੇ ਵਿੱਚ ਵੀਰਵਾਰ ਅਤੇ ਸ਼ੁੱਕਰਵਾਰ ਦੋਵਾਂ ਨੂੰ ਹੀਟ ਵੇਵ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੁੱਧਵਾਰ ਦੇਰ ਸ਼ਾਮ ਨੂੰ ਵੀ 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਰਾਜ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.6 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੋਗਾ, ਮੁਕਤਸਰ, ਬਰਨਾਲਾ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਇਸਦਾ ਪ੍ਰਭਾਵ ਦਿਨ ਅਤੇ ਰਾਤ ਦੋਵਾਂ ਸਮੇਂ ਦੇਖਿਆ ਜਾਵੇਗਾ।
ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਮੋਹਾਲੀ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਹੀਟਵੇਵ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਰ 24 ਮਈ ਤੋਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਰਾਹਤ ਮਿਲ ਸਕਦੀ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਅਨੁਸਾਰ, ਬਠਿੰਡਾ ਵਿੱਚ ਵੀਰਵਾਰ ਨੂੰ ਪਾਰਾ 47.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਹੈ। ਵਿਭਾਗ ਨੇ ਬਠਿੰਡਾ ਵਿੱਚ ਗੰਭੀਰ ਗਰਮੀ ਦੀ ਲਹਿਰ ਅਤੇ ਫਰੀਦਕੋਟ ਵਿੱਚ ਗਰਮੀ ਦੀ ਲਹਿਰ ਦਰਜ ਕੀਤੀ ਹੈ।
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਬੁੱਧਵਾਰ ਨੂੰ ਸ਼ਾਮ ਢਲਦੇ ਹੀ ਮੌਸਮ ਸੁਹਾਵਣਾ ਹੋ ਗਿਆ। ਇਸ ਦੇ ਨਾਲ ਹੀ ਰੂਪਨਗਰ ਵਿੱਚ ਦੇਰ ਸ਼ਾਮ 12 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਦੇਰ ਸ਼ਾਮ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਅਤੇ ਧੂੜ ਭਰੀਆਂ ਹਨੇਰੀਆਂ ਚੱਲੀਆਂ, ਜਿਸ ਤੋਂ ਬਾਅਦ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਦੇਖੀ ਗਈ।
ਮੌਸਮ ਵਿੱਚ ਅਚਾਨਕ ਬਦਲਾਅ ਆਉਣ ਕਾਰਨ ਤੇਜ਼ ਧੂੜ ਭਰੀ ਹਨੇਰੀ ਆਈ। ਤੇਜ਼ ਹਵਾਵਾਂ ਦੇ ਨਾਲ ਮੀਂਹ ਸ਼ੁਰੂ ਹੋ ਗਿਆ। ਸ਼ਾਮ ਪੰਜ ਵਜੇ ਸ਼ਹਿਰ ਹਨੇਰੇ ਵਿੱਚ ਡੁੱਬ ਗਿਆ। ਡਰਾਈਵਰਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਸਫ਼ਰ ਕਰਨਾ ਪਿਆ। ਚੰਡੀਗੜ੍ਹ ਦੇ ਨਾਲ ਲੱਗਦੇ ਸ਼ਹਿਰਾਂ ਪੰਚਕੂਲਾ ਅਤੇ ਮੋਹਾਲੀ ਵਿੱਚ ਮੀਂਹ ਪਿਆ। ਤੂਫਾਨ ਕਾਰਨ ਟ੍ਰਾਈਸਿਟੀ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ।
ਗਰਮੀ ਕਾਰਨ ਐਡਵਾਇਜ਼ਰੀ ਜਾਰੀ
ਪੰਜਾਬ ਸਰਕਾਰ ਵੱਲੋਂ 29 ਮਈ ਤੋਂ 2 ਜੂਨ ਤੱਕ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਰਜ ਦੇ ਸਿੱਧੇ ਸੰਪਰਕ ’ਚ ਆਉਣ ਤੋਂ ਬਚਣ ਸਬੰਧੀ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਇਹ ਅਡਵਾਈਜ਼ਰੀ ਜਾਰੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ 29 ਮਈ ਤੋਂ 2 ਜੂਨ ਦੇ ਵਿਚਕਾਰ ਆਉਂਦੇ ਪੰਜ ਦਿਨਾਂ ’ਚ ਦਿਨ ਦਾ ਤਾਪਮਾਨ 45 ਤੋਂ ਵਧ ਕੇ 55 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ।
ਸੂਰਜ ਦੀਆਂ ਤੇਜ਼ ਕਿਰਨਾਂ ਚਮੜੀ ਸੜਨ ਤੋਂ ਇਲਾਵਾ ਕਈ ਹੋਰ ਘਾਤਕ ਬਿਮਾਰੀਆਂ ਦੀ ਲਪੇਟ ’ਚ ਲੈ ਸਕਦੀਆਂ ਹਨ। ਸਰਕਾਰ ਵੱਲੋਂ ਲੂ ਬਾਰੇ ਜਾਰੀ ਕੀਤੀ ਗਈ ਅਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਜੇ ਹੀਟਵੇਵ ਕਾਰਨ ਕਿਸੇ ਵਿਅਕਤੀ ਨੂੰ ਘੁਟਣ ਮਹਿਸੂਸ ਹੋਵੇ ਜਾਂ ਅਚਾਨਕ ਬਿਮਾਰ ਹੋ ਜਾਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ। ਜਿੰਨਾ ਹੋ ਸਕੇ ਠੰਡੇ ਪੀਣ ਵਾਲੇ ਪਦਾਰਥਾਂ ਜਿਵੇਂ ਦਹੀਂ, ਲੱਸੀ, ਬੇਲ ਦੇ ਜੂਸ ਆਦਿ ਦੀ ਵਰਤੋਂ ਕਰੋ, ਜੋ ਕਿ ਹੀਟਵੇਵ ਤੋਂ ਬਚਣ ’ਚ ਮਦਦਗਾਰ ਹੋ ਸਕਦੇ ਹਨ।