MGNREGA Scam(ਅਨਮੋਲ ਸਿੰਘ ਵੜਿੰਗ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਮਗਨਰੇਗਾ ਤਹਿਤ ਬੀਤੇ ਸਮੇਂ ਦੌਰਾਨ ਹੋਏ ਘਪਲਿਆਂ ਦਾ ਖ਼ੁਲਾਸਾ ਹੋਇਆ ਹੈ।
Trending Photos
MGNREGA Scam(ਅਨਮੋਲ ਸਿੰਘ ਵੜਿੰਗ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਮਗਨਰੇਗਾ ਤਹਿਤ ਬੀਤੇ ਸਮੇਂ ਦੌਰਾਨ ਹੋਏ ਘਪਲਿਆਂ ਦਾ ਖ਼ੁਲਾਸਾ ਹੋਇਆ ਹੈ। ਮਗਨਰੇਗਾ ਪੰਜਾਬ ਕਮਿਸ਼ਨਰ ਨੇ ਹੁਣ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਬੰਧਤ ਕਰਮਚਾਰੀਆਂ ਉਤੇ ਬਣਦੀ ਕਾਰਵਾਈ ਕਰਨ ਅਤੇ ਪੈਸੇ ਦੀ ਰਿਕਵਰੀ ਕਰਨ ਸਬੰਧੀ ਲਿਖਿਆ ਹੈ।
ਆਰਟੀਆਈ ਕਾਰਕੁੰਨਾਂ ਵੱਲੋਂ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰਨ ਉਪਰੰਤ ਵਿਭਾਗ ਵੱਲੋਂ ਕਰਵਾਈ ਗਈ ਜਾਂਚ ਉਪਰੰਤ ਇਹ ਖੁਲਾਸੇ ਹੋਏ ਹਨ। ਅਕਾਲੀ ਵਿਧਾਇਕ ਰੋਜ਼ੀ ਬਰਕੰਦੀ ਦੇ ਵਿਧਾਇਕ ਹੋਣ ਦੇ ਸਮੇਂ ਦੌਰਾਨ ਉਨ੍ਹਾਂ ਦੇ ਪਿੰਡ ਵਿੱਚ ਹੀ 1 ਕਰੋੜ 57 ਹਜ਼ਾਰ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ।
ਸ੍ਰੀ ਮੁਕਤਸਰ ਸਾਹਿਬ ਤੇ ਗਿੱਦੜਬਾਹਾ ਹਲਕੇ ਦੇ ਪਿੰਡਾਂ ਵਿਚ ਮਨਰੇਗਾ ਤਹਿਤ ਹੋਏ ਘਪਲਿਆਂ ਦਾ ਖ਼ੁਲਾਸਾ ਕਰ ਰਹੀ ਮਾਲਵਾ ਐਂਟੀ ਕੁਰੱਪਸ਼ਨ ਟੀਮ ਦੀ ਮਿਹਨਤ ਨੂੰ ਬੂਰ ਪਿਆ ਹੈ ਅਤੇ ਵਿਭਾਗ ਵੱਲੋਂ ਕਰਵਾਈ ਗਈ ਜਾਂਚ ਵਿਚ ਵੱਡੇ ਘਪਲੇ ਸਾਹਮਣੇ ਆਏ ਹਨ। ਹੁਣ ਕਮਿਸ਼ਨਰ ਮਗਨਰੇਗਾ ਪੰਜਾਬ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਇੱਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਇਸ ਸਾਰੇ ਘਪਲੇ ਵਿਚ ਸ਼ਾਮਲ ਮੁਲਾਜ਼ਮਾਂ ਵਿਰੁੱਧ ਬਣਦੀ ਕਾਰਵਾਈ ਕਰਨ ਅਤੇ ਫੰਡ ਦੀ ਰਿਕਵਰੀ ਪਾਉਣ ਲਈ ਲਿਖਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਮਾਲਵਾ ਐਂਟੀ ਕੁਰੱਪਸ਼ਨ ਟੀਮ ਦੇ ਮੈਂਬਰਾਂ ਦੱਸਿਆ ਕਿ 2016-17 ਵਿਚ ਜਦ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਸਨ ਤਾਂ ਮਗਨਰੇਗਾ ਤਹਿਤ ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਪਿੰਡ ਬਰਕੰਦੀ ਵਿੱਚ ਹੀ ਕਰੀਬ 1 ਕਰੋੜ 57 ਹਜ਼ਾਰ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ।
ਇਸ ਪਿੰਡ ਵਿਚ ਛੱਪੜ ਦਾ ਨਵੀਨੀਕਰਨ ਕਰਕੇ ਝੀਲ ਬਣਾਈ ਜਾਣੀ ਸੀ, ਜੋ ਸਿਰਫ਼ ਕਾਗਜ਼ਾਂ ਵਿਚ ਹੀ ਤਿਆਰ ਹੋਈ ਅਤੇ ਇਸੇ ਤਰ੍ਹਾਂ ਪਿੰਡ ਦੀਆਂ ਗਲੀਆਂ ਆਦਿ ਦੇ ਗਲਤ ਨੰਬਰ ਪਾ ਕੇ ਪੈਸੇ ਕਢਵਾਏ ਗਏ ਹਨ। ਟੀਮ ਮੈਂਬਰਾਂ ਅਨੁਸਾਰ ਹੋ ਸਕਦਾ ਇਸ ਸਬੰਧੀ ਉਸ ਸਮੇਂ ਵਿਧਾਇਕ ਨੂੰ ਵੀ ਜਾਣਕਾਰੀ ਨਾ ਹੋਵੇ ਪਰ ਵਿਭਾਗੀ ਅਧਿਕਾਰੀ ਵਿਧਾਇਕ ਦੇ ਪਿੰਡ ਵਿਚ ਹੀ ਇਹ ਕਾਰਾ ਕਰ ਗਏ।
ਇਸ ਤਰ੍ਹਾਂ ਪਿੰਡ ਕੋਟਲੀ, ਜੰਮੂਆਣਾ, ਸੱਕਾਵਾਲੀ ਵਿੱਚ ਵੀ ਵਿਭਾਗ ਵੱਲੋਂ ਜਾਂਚ ਉਪਰੰਤ ਰਿਕਵਰੀ ਪਾਈ ਗਈ ਹੈ। ਗਿੱਦੜਬਾਹਾ ਹਲਕੇ ਦੇ ਪਿੰਡ ਰੁਖਾਲਾ, ਦੋਦਾ, ਕਾਉਣੀ ਵਿੱਚ ਵੀ ਅਜਿਹੇ ਕੰਮਾਂ ਦੀ ਜਾਂਚ ਤੋਂ ਬਾਅਦ 1 ਕਰੋੜ 93 ਲੱਖ ਰੁਪਏ ਦੀ ਰਿਕਵਰੀ ਪਾਈ ਗਈ ਹੈ। ਹੁਣ ਦੇਖਣਾ ਇਹ ਹੈ ਕਿ ਸਬੰਧਤ ਮੁਲਾਜ਼ਮਾਂ ਉਤੇ ਕਿੰਨੇ ਸਮੇਂ ਵਿਚ ਇਹ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ।