Bhakra Flood Gates: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਪੈਣ ਕਾਰਨ ਦਰਿਆਵਾਂ ਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ।
Trending Photos
Bhakra Flood Gates: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਪੈਣ ਕਾਰਨ ਦਰਿਆਵਾਂ ਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ। ਇਸ ਦੌਰਾਨ ਭਾਖੜਾ ਪ੍ਰਬੰਧਨ ਵੱਲੋਂ ਭਾਖੜਾ ਦੇ ਗੇਟ ਖੋਲ੍ਹੇ ਜਾਣ ਦੇ ਸੰਕੇਤ ਦਿੱਤੇ ਹਨ।
ਬੀਬੀਐਮਬੀ ਵੱਲੋਂ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਜੇਕਰ ਫਲੱਡ ਗੇਟ ਖੋਲ੍ਹੇ ਗਏ ਤਾਂ ਇਸ ਦਾ ਸਿੱਧਾ ਅਸਰ ਪੰਜਾਬ ਦੇ 6 ਜ਼ਿਲ੍ਹਿਆਂ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਰੋਪੜ ਅਤੇ ਫਿਰੋਜ਼ਪੁਰ ਉਤੇ ਪੈ ਸਕਦਾ ਹੈ। ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਬੇਹੱਦ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਭਾਖੜਾ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। 1 ਅਗਸਤ ਨੂੰ ਭਾਖੜਾ ਵਿੱਚ 1623.47 ਫੁੱਟ ਦਰਜ ਕੀਤਾ ਗਿਆ ਸੀ। ਜਦੋਂ ਕਿ ਪਿਛਲੇ ਸਾਲ ਇਹ ਪੱਧਰ 1608.6 ਫੁੱਟ ਸੀ।
ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧ ਰਿਹਾ
ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਪੌਂਗ ਡੈਮ ਦੀ ਪੂਰੀ ਪਾਣੀ ਭਰਾਈ 1400 ਫੁੱਟ ਹੈ। ਇੱਥੇ 24 ਘੰਟਿਆਂ ਵਿੱਚ 4.19 ਫੁੱਟ ਦਾ ਵਾਧਾ ਦੇਖਿਆ ਗਿਆ। 3 ਅਗਸਤ ਦੀ ਸਵੇਰ ਨੂੰ ਇੱਥੇ ਪਾਣੀ ਦਾ ਪੱਧਰ 1365.26 ਫੁੱਟ ਦਰਜ ਕੀਤਾ ਗਿਆ। ਜਿਸ ਕਾਰਨ ਇੱਥੋਂ ਹੋਰ ਪਾਣੀ ਛੱਡਿਆ ਜਾ ਰਿਹਾ ਹੈ।
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਬੱਦਲਵਾਈ ਦੀ ਸੰਭਾਵਨਾ ਹੈ ਪਰ ਕੱਲ੍ਹ ਮੰਗਲਵਾਰ ਨੂੰ ਮੌਸਮ ਵਿੱਚ ਥੋੜ੍ਹੀ ਜਿਹੀ ਤਬਦੀਲੀ ਆ ਸਕਦੀ ਹੈ। ਪਿਛਲੇ ਕੁਝ ਦਿਨਾਂ ਵਿੱਚ ਮਾਨਸੂਨ ਦੇ ਹੌਲੀ ਹੋਣ ਤੋਂ ਬਾਅਦ, ਤਾਪਮਾਨ ਵਿੱਚ ਥੋੜ੍ਹਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ, ਭਾਖੜਾ ਡੈਮ ਪ੍ਰਬੰਧਨ ਬੋਰਡ ਨੇ ਹੜ੍ਹ ਗੇਟ ਖੋਲ੍ਹਣ ਸੰਬੰਧੀ ਚਿਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਮੁਤਾਬਕ 4 ਅਗਸਤ ਨੂੰ ਵੀ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਵਿਚ ਭਾਰੀ ਬਾਰਿਸ਼ ਹੋਵੇਗੀ।
ਇਸ ਦੇ ਨਾਲ ਹੀ ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਬਰਨਾਲਾ, ਮੋਗਾ, ਬਠਿੰਡਾ, ਮਾਨਸਾ ਵਿਚ ਵੀ ਦਰਮਿਆਨੀ ਬਾਰਿਸ਼ ਦੱਸੀ ਗਈ ਹੈ। ਇਸੇ ਤਰ੍ਹਾਂ 5, 6 ਅਗਸਤ ਨੂੰ ਵੀ ਪੰਜਾਬ ਵਿਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ 7 ਅਗਸਤ ਨੂੰ ਵੀ ਕੁਝ ਜ਼ਿਲ੍ਹਿਆਂ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਵੱਲੋਂ ਸੂਬੇ ਦੇ ਲੋਕਾਂ ਨੂੰ ਭਾਰੀ ਬਾਰਿਸ਼ ਦਰਮਿਆਨ ਅਲਰਟ ਰਹਿਣ ਦੀ ਸਲਾਹ ਦਿੱਤੀ ਗਈ ਹੈ।