Patiala News: ਅੱਜ ਪਟਿਆਲਾ ਦੇ ਬਾਬਾ ਦੀਪ ਸਿੰਘ ਨਗਰ 'ਚ ਨਗਰ ਨਿਗਮ ਦੀਆਂ ਟੀਮਾਂ ਨੇ ਪੁਲਿਸ ਦੀ ਭਾਰੀ ਮੌਜੂਦਗੀ ਵਿਚ ਨਸ਼ਾ ਤਸਕਰ ਦੀਆਂ ਚਾਰ ਨਜਾਇਜ਼ ਦੁਕਾਨਾਂ ਨੂੰ ਢਾਹ ਦਿੱਤਾ। ਪੰਜਾਬ ਸਰਕਾਰ ਦੀ ਨਸ਼ਾ ਵਿਰੁੱਧ ਮੁਹਿੰਮ ਅਜੇ ਹੋਰ ਤੇਜ਼ੀ ਨਾਲ ਚੱਲੇਗੀ, ਜੋ ਵੀ ਨਸ਼ਾ ਵੇਚੇਗਾ, ਉਸ ਦੀ ਜਾਇਦਾਦ ਨੂੰ ਬਲਡੋਜ਼ਰ ਮੁਹਿੰਮ ਹੇਠ ਢਾਹਿਆ ਜਾਵੇਗਾ।
Trending Photos
Patiala News: ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਸਬੰਧੀ ਚਲਾਈ ਜਾ ਰਹੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਅੱਜ ਪਟਿਆਲਾ ਦੇ ਬਾਬਾ ਦੀਪ ਸਿੰਘ ਨਗਰ 'ਚ ਨਗਰ ਨਿਗਮ ਦੀਆਂ ਟੀਮਾਂ ਨੇ ਪੁਲਿਸ ਦੀ ਭਾਰੀ ਮੌਜੂਦਗੀ ਵਿਚ ਚਾਰ ਨਜਾਇਜ਼ ਦੁਕਾਨਾਂ ਨੂੰ ਢਾਹ ਦਿੱਤਾ।
ਪੁਲਿਸ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ ਦੁਕਾਨਾਂ ਦਾ ਮਾਲਕ ਗੁਰਤੇਜ ਸਿੰਘ ਨਸ਼ਾ ਤਸਕਰੀ ਦੇ ਕਈ ਮਾਮਲਿਆਂ 'ਚ ਨਾਮਜ਼ਦ ਹੈ ਅਤੇ ਉਹ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਇਹ ਚਾਰੇ ਦੁਕਾਨਾਂ ਬਿਨਾਂ ਨਕਸ਼ੇ ਤੋਂ ਨਾਜਾਇਜ਼ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਸਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਨ੍ਹਾਂ ਨਿਰਮਾਣਾਂ ਨੂੰ ਢਾਹੁਣ ਤੋਂ ਪਹਿਲਾਂ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਪਰ ਪਰਿਵਾਰਕ ਮੈਂਬਰਾਂ ਵੱਲੋਂ ਨਕਸ਼ੇ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਦੂਜੇ ਪਾਸੇ, ਪਰਿਵਾਰ ਨੇ ਪ੍ਰਸ਼ਾਸਨ ਉੱਤੇ ਇਲਜ਼ਾਮ ਲਾਇਆ ਹੈ ਕਿ, “ਜੇਕਰ ਸਾਡੇ ਪੁੱਤਰ ਨੇ ਗਲਤੀ ਕੀਤੀ ਹੈ ਤਾਂ ਉਹ ਆਪਣੀ ਸਜ਼ਾ ਕੱਟ ਰਿਹਾ ਹੈ, ਪਰ ਇਸ ਦੀ ਸਜ਼ਾ ਸਾਰੇ ਪਰਿਵਾਰ ਨੂੰ ਦੇਣਾ ਨਿਆਂ ਨਹੀਂ।” ਪਰਿਵਾਰਿਕ ਮੈਂਬਰਾਂ ਅਨੁਸਾਰ, ਉਹਨਾਂ ਨੇ ਆਪਣੀ ਜੱਦੀ ਜ਼ਮੀਨ ਵੇਚ ਕੇ ਕਈ ਸਾਲ ਪਹਿਲਾਂ ਇੱਥੇ ਆਏ ਸੀ ਅਤੇ ਇਹ ਮਕਾਨ ਬਣਾਇਆ ਸੀ। ਵਾਧੂ ਆਮਦਨ ਲਈ ਅਸੀਂ ਹੇਠਾਂ ਦੁਕਾਨਾਂ ਬਣਾਈ ਸੀ ਅਤੇ ਉੱਤੇ ਸਾਡੀ ਰਿਹਾਇਸ਼ ਸੀ। ਜਦੋਂ 2006 ਵਿੱਚ ਅਸੀਂ ਇਹ ਮਕਾਨ ਬਣਾਇਆ ਸੀ ਤਾਂ ਉਸ ਸਮੇਂ ਕਾਰਪੋਰੇਸ਼ਨ ਨਵਾਂ- ਨਵਾਂ ਆਇਆ ਸੀ ਤੇ ਉਸ ਸਮੇਂ ਘਰ ਬਣਾਉਣ ਲਈ ਕਿਸੇ ਕਿਸਮ ਦੇ ਨਕਸ਼ੇ ਪਾਸ ਨਹੀਂ ਕਰਵਾਏ ਜਾਂਦੇ ਸੀ"।
ਇਸ ਮਾਮਲੇ 'ਚ ਐਸਪੀ ਸਿਟੀ ਪਲਵਿੰਦਰ ਚੀਮਾ ਨੇ ਕਿਹਾ ਕਿ, “ਪੰਜਾਬ ਸਰਕਾਰ ਦੀ ਨਸ਼ਾ ਵਿਰੁੱਧ ਮੁਹਿੰਮ ਅਜੇ ਹੋਰ ਤੇਜ਼ੀ ਨਾਲ ਚੱਲੇਗੀ। ਜੋ ਵੀ ਨਸ਼ਾ ਵੇਚੇਗਾ, ਉਸ ਦੀ ਜਾਇਦਾਦ ਨੂੰ ਬਲਡੋਜ਼ਰ ਮੁਹਿੰਮ ਹੇਠ ਢਾਹਿਆ ਜਾਵੇਗਾ" ਅਸੀਂ ਸਿਰਫ ਕਾਨੂੰਨ ਦੀ ਪਾਲਣਾ ਕਰ ਰਹੇ ਹਾਂ ਜਿਸ ਤਰ੍ਹਾਂ ਦੀ ਸਾਨੂੰ ਹਿਦਾਇਤਾਂ ਦਿੱਤੀ ਜਾਂਦੀ ਹੈ ਅਸੀਂ ਉਵੇਂ ਕੰਮ ਕਰ ਰਹੇ ਹਾਂ । ਪੁਲਿਸ ਦੀ ਵੱਡੀ ਗਿਣਤੀ ਦੀ ਮੌਜੂਦਗੀ ਵਿਚ ਦੁਕਾਨਾਂ ਦੇ ਸ਼ਟਰ ਪੱਟ ਦਿੱਤੇ ਗਏ ਹਨ। ਫਿਲਹਾਲ, ਇਲਾਕੇ 'ਚ ਪੁਲਿਸ ਦੀ ਭਾਰੀ ਮੌਜੂਦਗੀ ਬਰਕਰਾਰ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।