Samrala News: ਪਿੰਡ ਬਘੌਰ ਦੇ ਇੱਕ ਬਰੋਟੇ ਦੇ ਦਰਖਤ ਦੀ ਜੜ੍ਹ ਵਿੱਚ ਗਊ ਦਾ ਸਿਰ ਮਿਲਣ ਦੀ ਘਟਨਾ ਨੂੰ ਪੁਲਿਸ ਵੱਲੋਂ ਇਹ ਸਿਰ ਗਾਂ ਦੀ ਬਜਾਏ ਮੱਝ ਦਾ ਸਿਰ ਦੱਸਣ ਦਾ ਮਾਮਲਾ ਉਸ ਸਮੇਂ ਭਖ ਗਿਆ ਜਦੋਂ ਨਿਹੰਗ, ਸਿੱਖ ਅਤੇ ਸ਼ਿਵ ਸੈਨਾ ਸਮੇਤ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੀਂਹ ਵਿੱਚ ਹੀ ਸੜਕਉ ਤੇ ਧਰਨਾ ਦੇ ਦਿੱਤਾ ਗਿਆ।
Trending Photos
Samrala News: ਸਮਰਾਲਾ ਦੇ ਨਜ਼ਦੀਕੀ ਪਿੰਡ ਬਘੌਰ ਦੇ ਇੱਕ ਬਰੋਟੇ ਦੇ ਦਰੱਖਤ ਦੀ ਜੜ੍ਹ ਵਿੱਚ ਗਊ ਦਾ ਸਿਰ ਮਿਲਣ ਦੀ ਘਟਨਾ ਨੂੰ ਪੁਲਿਸ ਵੱਲੋਂ ਇਹ ਸਿਰ ਗਾਂ ਦੀ ਬਜਾਏ ਮੱਝ ਦਾ ਸਿਰ ਦੱਸਣ ਦਾ ਮਾਮਲਾ ਉਸ ਸਮੇਂ ਭਖ ਗਿਆ ਜਦੋਂ ਨਿਹੰਗ, ਸਿੱਖ ਅਤੇ ਸ਼ਿਵ ਸੈਨਾ ਸਮੇਤ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੀਂਹ ਵਿੱਚ ਹੀ ਸੜਕ ਉਤੇ ਧਰਨਾ ਦੇ ਦਿੱਤਾ ਗਿਆ।
ਕੱਲ੍ਹ ਜਦੋਂ ਪਿੰਡ ਦੇ ਪਤਵੰਤਿਆਂ ਨੂੰ ਪਿੰਡ ਤੋਂ ਇੱਕ- ਡੇਢ ਕਿਲੋਮੀਟਰ ਬਾਹਰ ਸੁਨਸਾਨ ਪਏ ਛੱਪੜ ਦੇ ਕਿਨਾਰੇ ਸਦੀਆਂ ਪੁਰਾਣੇ ਖੜੇ ਇਸ ਬਰੋਟੇ ਲਾਗੇ ਪੰਚਾਇਤ ਦੀ ਥਾਂ ਦੀ ਨਿਸ਼ਾਨਦੇਹੀ ਕਰਵਾਉਣ ਲਈ ਗਏ ਸਨ ਤਾਂ ਪਸ਼ੂ ਦੇ ਮਾਸ ਦੀ ਬਦਬੂ ਆਉਣ ਕਾਰਨ ਉਹਨਾਂ ਨੇ ਬਰੋਟੇ ਕੋਲ ਜਾ ਕੇ ਵੇਖਿਆ ਤਾਂ ਉੱਥੇ ਇੱਕ ਗਊ ਨੂੰ ਮਾਰ ਕੇ ਉਸਦਾ ਸਿਰ ਮਿਲਿਆ ਸੀ ਅਤੇ ਉਸ ਦੇ ਨਾਲ ਹੀ ਤਮਾਖੂ ਤੇ ਬੀੜੀਆਂ ਆਦੀ ਵੀ ਰੱਖੀਆਂ ਹੋਈਆਂ ਸਨ। ਇਨ੍ਹਾਂ ਅਣਜਾਣ ਸ਼ਰਾਰਤੀਆਂ ਵਿਅਕਤੀਆਂ ਵੱਲੋਂ ਗਊ ਦਾ ਮਾਸ ਲਿਫਾਫੇ ਵਿੱਚ ਪਾ ਕੇ ਪਿੰਡ ਦੇ ਸਿੰਘ- ਸ਼ਹੀਦਾਂ ਦੇ ਸਥਾਨ ''ਤੇ ਵੀ ਰੱਖਿਆ ਮਿਲਿਆ ਹੈ ਜਿੱਥੇ ਪਿੰਡ ਦੇ ਸਾਰੇ ਧਰਮਾਂ ਦੇ ਲੋਕ ਅਕਸਰ ਰੋਜ਼ਾਨਾ ਮੱਥਾ ਟੇਕਣ ਆਉਂਦੇ ਹਨ।
ਪਿੰਡ ਦੀ ਪੰਚਾਇਤ ਨੇ ਇਸ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਪਰ ਪੁਲਿਸ ਇਸ ਨੂੰ ਗਊ ਦੀ ਥਾਂ ਕਿਸੇ ਮੱਛ ਵਰਗੇ ਜਾਨਵਰ ਦਾ ਸਿਰ ਹੋਣ ਦਾ ਦਾਅਵਾ ਕਰਦੀ ਰਹੀ। ਜਦੋਂ ਇਸ ਘਟਨਾ ਦੀ ਖਬਰ ਸ਼ਹਿਰ ਵਿੱਚ ਫੈਲੀ ਤਾਂ ਸ਼ਿਵ ਸੈਨਾ , ਸਮਾਜ ਸੇਵੀ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਥਾਣੇ ਵਿੱਚ ਪਹੁੰਚ ਗਏ। ਪਰ ਜਦੋਂ ਉਹਨਾਂ ਨੂੰ ਜਾਪਿਆ ਕਿ ਪੁਲਿਸ ਇਸ ਨੂੰ ਗਊ ਹੱਤਿਆ ਦੀ ਬਜਾਏ ਮੱਝ ਦਾ ਸਿਰ ਕਰਾਰ ਦੇਣ 'ਤੇ ਬਜਿੱਦ ਜਾਪਦੀ ਹੈ ਤਾਂ ਉਨ੍ਹਾਂ ਨੇ ਮੀਂਹ ਵਿੱਚ ਹੀ ਸਥਾਨਕ ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਧਰਨਾ ਸ਼ੁਰੂ ਕਰ ਦਿੱਤਾ।
ਇਸ ਮੌਕੇ ਤੇ ਪੰਜਾਬ ਸ਼ਿਵ ਸੈਨਾ ਦੇ ਯੂਥ ਵਿੰਗ ਦੇ ਪ੍ਰਧਾਨ ਰਮਨ ਵਡੇਰਾ ਅਤੇ ਸਮਾਜ ਸੇਵੀ ਨੀਰਜ ਸਿਹਾਲਾ ਨੇ ਕਿਹਾ ਕਿ ਗਊ ਹੱਤਿਆ ਹੋਈ ਹੈ ਪਰ ਪੁਲਿਸ ਇਸ ਮਾਮਲੇ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਵਿੱਚ ਜਾਪਦੀ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਮੰਗ ਹੈ ਕਿ ਇਸ ਮਾਮਲੇ ਵਿੱਚ ਦੋਸ਼ੀ ਵਿਅਕਤੀ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਕਲ੍ਹ ਬਾਜ਼ਾਰ ਬੰਦ ਕਰਨ ਦਾ ਸੱਦੇ ਦੇਣ ਅਤੇ ਦਿੱਲੀ ਅੰਮ੍ਰਿਤਸਰ ਹਾਈਵੇ ਵੀ ਜਾਮ ਕਰੇਗੀ। ਐਸਐਚਓ ਨਿਤੀਸ਼ ਚੌਧਰੀ ਨੇ ਦੱਸਿਆ ਕਿ ਪੰਚਾਇਤ ਵੱਲੋਂ ਉਹਨਾਂ ਨੂੰ ਦਰਖਤ ਦੇ ਉੱਪਰ ਕਿਸੇ ਜਾਨਵਰ ਦਾ ਸਿਰ ਪਿਆ ਹੋਣ ਦੀ ਸੂਚਨਾ ਦਿੱਤੀ ਗਈ ਸੀ ਅਤੇ ਪਿੰਡ ਦੇ ਸ਼ਹੀਦਾਂ ਦੇ ਸਥਾਨ ''ਤੇ ਵੀ ਸੇਵਾਦਾਰ ਨੂੰ ਮਾਸ ਰੱਖਿਆ ਹੋਇਆ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ ਪਰ ਇਹ ਮੱਝ ਦਾ ਸਿਰ ਹੀ ਜਾਪਦਾ ਹੈ। ਐਸਐਚਓ ਨੇ ਦੱਸਿਆ ਕਿ ਆਸ -ਪਾਸ ਦੇ ਸਾਰੇ ਸੀਸੀ ਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ। ਬਾਅਦ ਵਿੱਚ ਸਮਰਾਲਾ ਦੇ ਐਸ ਐਚ ਓ ਵੱਲੋਂ ਕੱਲ ਤੱਕ ਇਸ ਮਾਮਲੇ ਦੇ ਦੋਸ਼ੀ ਨੂੰ ਕਾਬੂ ਕੀਤੇ ਜਾਣ ਦੇ ਭਰੋਸੇ ਨਾਲ ਜਥੇਬੰਦੀ ਦੇ ਆਗੂਆਂ ਨੇ ਧਰਨਾ ਖਤਮ ਕਰ ਦਿੱਤਾ ਹੈ।
ਜਥੇਬੰਦੀਆਂ ਨੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਕੱਲ੍ਹ 10 ਵਜੇ ਤੱਕ ਪੁਲਿਸ ਇਸ ਮਾਮਲੇ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਰਹੀ ਤਾਂ ਇਸ ਤੋਂ ਵੀ ਵੱਡਾ ਸੰਘਰਸ਼ ਆਰੰਭਿਆ ਜਾਵੇਗਾ। ਮਿਲੀ ਸੂਚਨਾ ਅਨੁਸਾਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਵੀ ਮਾਸ ਦੇ ਲੋਥੜੇ ਲਿਫਾਫੇ ਵਿੱਚ ਪਾ ਕਿ ਰੱਖੇ ਹੋਏ ਮਿਲੇ ਹਨ। ਪਿੰਡ ਅਤੇ ਇਲਾਕੇ ਦੇ ਪਤਵੰਤਿਆਂ ਨੇ ਮੰਗ ਕੀਤੀ ਹੈ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਕੇ ਕਸੂਰਵਾਰ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕਰੇ।