Khanna News: ਖੰਨਾ ਦੇ ਜੀਟੀਬੀ ਮਾਰਕੀਟ ਵਿੱਚ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਅਤੇ ਫਾਇਨਾਂਸਰਾਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ।
Trending Photos
Khanna News: ਖੰਨਾ ਦੇ ਜੀਟੀਬੀ ਮਾਰਕੀਟ ਵਿੱਚ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਅਤੇ ਫਾਇਨਾਂਸਰਾਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ। ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਆਪਣੇ ਗੁੰਡਿਆਂ ਨਾਲ ਮਿਲ ਕੇ ਇੱਕ ਗਰੀਬ ਪਰਿਵਾਰ 'ਤੇ ਹਮਲਾ ਕਰ ਦਿੱਤਾ, ਜਿਸਦੀ ਮਾਰਕੀਟ ਵਿੱਚ ਕੜ੍ਹੀ-ਚਾਵਲ ਦਾ ਸਟਾਲ ਹੈ। ਇਸ ਹਮਲੇ ਵਿੱਚ ਸਟਾਲ ਮਾਲਕ ਕਮਲਜੀਤ ਸਿੰਘ ਅਤੇ ਉਸਦਾ ਜਵਾਈ ਅਮਿਤ ਕੁਮਾਰ ਗੰਭੀਰ ਜ਼ਖਮੀ ਹੋ ਗਏ। ਦੋਵਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੀੜਤ ਦੇ ਪੁੱਤਰ ਨੇ ਦੱਸਿਆ ਕਿ ਉਸਨੇ ਇਮੀਗ੍ਰੇਸ਼ਨ ਮਾਲਕਾਂ ਤੋਂ ਵਿਆਜ 'ਤੇ 18 ਹਜ਼ਾਰ ਰੁਪਏ ਉਧਾਰ ਲਏ ਸਨ। ਉਸ ਨੇ ਪਹਿਲੇ ਤਿੰਨ ਮਹੀਨਿਆਂ ਦੀਆਂ ਕਿਸ਼ਤਾਂ ਦਾ ਭੁਗਤਾਨ ਕੀਤਾ ਪਰ ਉਸਦੇ ਪਿਤਾ ਦੇ ਆਪ੍ਰੇਸ਼ਨ ਅਤੇ ਪਰਿਵਾਰਕ ਐਮਰਜੈਂਸੀ ਕਾਰਨ ਪਿਛਲੇ ਤਿੰਨ ਮਹੀਨਿਆਂ ਤੋਂ ਸਟਾਲ ਬੰਦ ਰਿਹਾ ਅਤੇ ਭੁਗਤਾਨ ਨਹੀਂ ਹੋ ਸਕਿਆ।
ਜਦੋਂ ਉਹ ਕੁਝ ਦਿਨ ਪਹਿਲਾਂ ਸਟਾਲ ਖੋਲ੍ਹਣ ਆਇਆ ਸੀ ਤਾਂ ਇਮੀਗ੍ਰੇਸ਼ਨ ਮਾਲਕ ਤੇ ਫਾਇਨਾਂਸਰ ਗੁੰਡਿਆਂ ਨਾਲ ਆਏ ਅਤੇ ਉਸਦਾ ਸਾਮਾਨ ਚੁੱਕ ਕੇ ਲੈ ਗਏ। ਪੀੜਤ ਨੇ ਸਿਟੀ ਪੁਲਿਸ ਸਟੇਸ਼ਨ-2 ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਜਿੱਥੇ ਸਮਝੌਤੇ ਤਹਿਤ ਇਹ ਫੈਸਲਾ ਕੀਤਾ ਗਿਆ ਸੀ ਕਿ ਪੈਸੇ ਦੋ ਮਹੀਨਿਆਂ ਵਿੱਚ ਵਾਪਸ ਕਰ ਦਿੱਤੇ ਜਾਣਗੇ ਤੇ ਪੁਲਿਸ ਨੂੰ ਸਾਮਾਨ ਵਾਪਸ ਕਰਨ ਦੀ ਹਦਾਇਤ ਕੀਤੀ ਗਈ ਸੀ।
ਇਹ ਵੀ ਪੜ੍ਹੋ : Punjab Weather: ਪੰਜਾਬ ਵਿੱਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ; ਅਗਲੇ ਤਿੰਨ ਦਿਨ ਮੀਂਹ ਦੀ ਸੰਭਾਵਨਾ
ਪੀੜਤ ਦਾ ਦੋਸ਼ ਹੈ ਕਿ ਸਾਮਾਨ ਪੂਰੀ ਤਰ੍ਹਾਂ ਵਾਪਸ ਨਹੀਂ ਕੀਤਾ ਗਿਆ। ਜਦੋਂ ਉਹ ਐਤਵਾਰ ਨੂੰ ਸਿਲੰਡਰ ਲੈਣ ਆਏ ਤਾਂ ਫਾਇਨਾਂਸਰਾਂ ਨੇ ਗੁੰਡਿਆਂ ਨੂੰ ਬੁਲਾਇਆ ਅਤੇ ਉਨ੍ਹਾਂ 'ਤੇ ਡੰਡਿਆਂ ਤੇ ਬੇਸਬਾਲ ਬੈਟਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪੀੜਤ ਪਰਿਵਾਰ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮੌਕੇ 'ਤੇ ਮੌਜੂਦ ਦੂਜੀ ਧਿਰ ਦੇ ਗੁਰਦੀਪ ਸਿੰਘ ਨੇ ਕਿਹਾ ਕਿ ਇਹ ਆਪਸੀ ਝਗੜਾ ਹੈ ਅਤੇ ਅਸੀਂ ਬੈਠ ਕੇ ਇਸ ਨੂੰ ਹੱਲ ਕਰਾਂਗੇ। ਜਦੋਂ ਕਿ ਜਾਂਚ ਅਧਿਕਾਰੀ ਸੰਜੀਵ ਕੁਮਾਰ ਨੇ ਕਿਹਾ ਕਿ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਸਕੀਮ ਨਾਲ ਸਬੰਧਤ ਨੋਟੀਫਿਕੇਸ਼ਨ ਵੀ ਤੁਰੰਤ ਰੱਦ ਕਰੇ- ਸੰਯੁਕਤ ਕਿਸਾਨ ਮੋਰਚਾ