Giani Raghbir Singh: ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ਼ ਹਾਈ ਕੋਰਟ ਵਿੱਚ ਕੀਤਾ ਕੇਸ ਵਾਪਸ ਲੈ ਲਿਆ ਹੈ।
Trending Photos
Giani Raghbir Singh: ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ਼ ਹਾਈ ਕੋਰਟ ਵਿੱਚ ਕੀਤਾ ਕੇਸ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਐਸਜੀਪੀਸੀ ਖਿਲਾਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕੀਤੀ ਪਟੀਸ਼ਨ ਵਾਪਸ ਲੈ ਲਈ ਹੈ। ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਮੈਂ ਇਹ ਕੇਸ ਵਾਪਸ ਲੈ ਰਿਹਾ ਹਾਂ। ਪੰਥਕ ਰਵਾਇਤਾਂ ਅਤੇ ਮਾਨ ਮਰਿਆਦਾ ਨੂੰ ਮੁੱਖ ਰੱਖਦਿਆਂ ਫੈਸਲਾ ਲਿਆ ਗਿਆ ਹੈ।
ਕਾਬਿਲੇਗੌਰ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਮੌਜੂਦਾ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਹੈ। ਉਨ੍ਹਾਂ ਨੇ ਖੁਦ ਨੂੰ ਹੈਡ ਗ੍ਰੰਥੀ ਦੇ ਅਹੁਦੇ ਤੋਂ ਹਟਾਏ ਜਾਣ ਦੇ ਖਦਸ਼ੇ ਨੂੰ ਦੇਖਦੇ ਹੋਏ ਅਦਾਲਤ ਦਾ ਰੁੱਖ ਕੀਤਾ ਹੈ, ਆਪਣੇ ਵੱਲੋਂ ਕੋਰਟ ਵਿੱਚ ਦਾਖ਼ਲ ਕੀਤੀ ਗਈ ਪਟੀਸ਼ਨ ਵਿੱਚ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕਰਨ ਦਾ ਵੀ ਜ਼ਿਕਰ ਕੀਤਾ ਹੈ।
ਹਾਈਕੋਰਟ ਵਿੱਚ ਦਾਖਲ ਕੀਤੀ ਗਈ ਪਟੀਸ਼ਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਕਿਵੇਂ ਸੁਖਬੀਰ ਸਿੰਘ ਬਾਦਲ ਸਣੇ ਸਮੁੱਚੇ ਅਕਾਲੀ ਦਲ ਨੂੰ ਧਾਰਮਿਕ ਸਜ਼ਾ ਸੁਣਾਉਣ ਤੋਂ ਬਾਅਦ ਉਹਨਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਹਟਾਇਆ ਗਿਆ ਹੈ। ਕੋਰਟ ਵਿੱਚ ਦਾਖਲ ਕੀਤੀ ਗਈ ਇਸ ਪਟੀਸ਼ਨ ਦੇ ਵਿੱਚ ਗਿਆਨੀ ਰਘਬੀਰ ਸਿੰਘ ਨੇ ਹੁਣ ਖ਼ੁਦ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੇ ਅਹੁਦੇ ਤੋਂ ਹਟਾਏ ਜਾਣ ਦੇ ਖਦਸ਼ੇ ਨੂੰ ਪ੍ਰਗਟਾਇਆ ਹੈ।
ਪਰਮਜੀਤ ਸਿੰਘ ਸਰਨਾ ਨੇ ਕੀਤੀ ਸੀ ਨਿਖੇਧੀ
ਦਿੱਲੀ ਅਕਾਲੀ ਦਲ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਪਟੀਸ਼ਨ 'ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇੱਕ ਸਾਬਕਾ ਜਥੇਦਾਰ ਦਾ ਇਸ ਤਰ੍ਹਾਂ ਦੁਨਿਆਵੀ ਅਦਾਲਤ ਵਿੱਚ ਜਾਣਾ ਗੁਰਮਤਿ ਪਰੰਪਰਾ ਅਤੇ ਮਾਣ-ਸਨਮਾਨ ਦੇ ਵਿਰੁੱਧ ਹੈ। ਸਰਨਾ ਨੇ ਟਿੱਪਣੀ ਕੀਤੀ ਕਿ ਜਿਸ ਅਹੁਦੇ 'ਤੇ ਕੋਈ ਸੇਵਾ ਨਿਭਾ ਰਿਹਾ ਹੈ, ਪਹਿਲਾਂ ਉਸਨੂੰ ਉਸ ਅਹੁਦੇ ਦਾ ਇਤਿਹਾਸ ਜਾਣਨਾ ਚਾਹੀਦਾ ਹੈ। ਬਾਬਾ ਬੁੱਢਾ ਸਾਹਿਬ ਅਤੇ ਭਾਈ ਮਨੀ ਸਿੰਘ ਵਰਗੇ ਮਹਾਂਪੁਰਖਾਂ ਨੇ ਆਪਣੀ ਸੇਵਾ ਅਤੇ ਕੁਰਬਾਨੀ ਨਾਲ ਇਸ ਅਹੁਦੇ ਨੂੰ ਉੱਚਾ ਕੀਤਾ ਹੈ।
ਅਜਿਹੀ ਸਥਿਤੀ ਵਿੱਚ, ਕਿਸੇ ਵੀ ਧਾਰਮਿਕ ਸ਼ਖਸੀਅਤ ਨੂੰ ਇਸ ਅਹੁਦੇ ਦੀ ਸ਼ਾਨ ਅਤੇ ਸਿਧਾਂਤਾਂ ਨੂੰ ਢਾਹ ਲਗਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਗਿਆਨੀ ਰਘੁਬੀਰ ਸਿੰਘ ਦਾ ਅਦਾਲਤ ਵਿੱਚ ਜਾਣਾ ਸਿਰਫ਼ ਨਿੱਜੀ ਅਸੰਤੋਸ਼ ਨਹੀਂ ਹੈ, ਸਗੋਂ ਉਨ੍ਹਾਂ ਨੇ ਸਮੁੱਚੇ ਪੰਥ ਦੇ ਵੱਕਾਰੀ ਅਹੁਦੇ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੇ ਅਹੁਦੇ ਦੀ ਸ਼ਾਨ ਨੂੰ ਢਾਹ ਲੱਗੀ ਹੈ, ਸਗੋਂ ਉਨ੍ਹਾਂ ਦੀ ਆਪਣੀ ਛਵੀ ਨੂੰ ਵੀ ਢਾਹ ਲੱਗੀ ਹੈ। ਸਰਨਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਇੱਕ ਵਾਰ ਜਦੋਂ ਕੋਈ ਆਪਣੇ ਆਪ ਨੂੰ ਅਦਾਲਤ ਦੇ ਕਟਹਿਰੇ ਵਿੱਚ ਪੇਸ਼ ਕਰ ਦਿੰਦਾ ਹੈ, ਤਾਂ ਉਸਨੂੰ ਧਾਰਮਿਕ ਸੇਵਾ ਤੋਂ ਹਟਾ ਕੇ ਪ੍ਰਬੰਧਕੀ ਡਿਊਟੀ 'ਤੇ ਤਬਦੀਲ ਕਰ ਦਿੱਤਾ ਜਾਵੇ।