Amritsar News: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਹੋਏ ਖੁਲਾਸਿਆਂ ਅਤੇ ਛਾਪਿਆਂ ਦੇ ਆਧਾਰ 'ਤੇ, ਕੈਮਿਸਟ, ਵਿਤਰਕ ਅਤੇ ਲੂਸੈਂਟ ਬਾਇਓਟੈਕ ਲਿਮਟਿਡ ਦੇ ਪਲਾਂਟ ਮੁਖੀ ਸਮੇਤ ਛੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।
Trending Photos
Amritsar News: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਿੱਢੀ ਨਸ਼ਾ ਵਿਰੋਧੀ ਜੰਗ ਦੌਰਾਨ ਗੈਰ-ਕਾਨੂੰਨੀ ਫਾਰਮਾ ਓਪੀਔਡ ਸਪਲਾਈ ਨੈੱਟਵਰਕ ਨੂੰ ਕਰਾਰਾ ਝਟਕਾ ਦਿੰਦਿਆਂ, ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਅੰਮ੍ਰਿਤਸਰ ਵਿੱਚ 35 ਗੋਲੀਆਂ ਦੀ ਛੋਟੀ ਜਿਹੀ ਬਰਾਮਦਗੀ ਤੋਂ ਲੈ ਕੇ ਉਤਰਾਖੰਡ ਦੇ ਹਰਿਦੁਆਰ ਸਥਿਤ ਨਿਰਮਾਣ ਯੂਨਿਟ ਤੱਕ ਫੈਲੀ ਟ੍ਰਾਮਾਡੋਲ ਸਪਲਾਈ ਚੇਨ ਦਾ ਪਰਦਾਫਾਸ਼ ਕੀਤਾ ਹੈ।
ਇਹ ਕਾਰਵਾਈ ਟ੍ਰਾਮਾਡੋਲ ਦੀਆਂ 35 ਗੋਲੀਆਂ ਦੀ ਬਰਾਮਦਗੀ ਅਤੇ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਏ-ਡਿਵੀਜ਼ਨ ਵਿਖੇ ਦਰਜ ਐਫਆਈਆਰ ਵਿੱਚ ਸਥਾਨਕ ਤਸਕਰ ਰਵਿੰਦਰ ਸਿੰਘ ਉਰਫ਼ ਨਿੱਕਾ ਦੀ ਗ੍ਰਿਫ਼ਤਾਰੀ ਉਪਰੰਤ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕਰਦਿਆਂ, ਪੁਲਿਸ ਨੇ ਸਿਰਫ 15 ਦਿਨਾਂ ਦੇ ਅੰਦਰ ਟ੍ਰਾਮਾਡੋਲ 74,465 ਗੋਲੀਆਂ, ਅਲਪ੍ਰਾਜ਼ੋਲਮ ਦੀਆਂ 50 ਗੋਲੀਆਂ ਅਤੇ ਟ੍ਰਾਮਾਡੋਲ ਦਾ 325 ਕਿਲੋਗ੍ਰਾਮ ਕੱਚਾ ਮਾਲ ਬਰਾਮਦ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਹੋਏ ਖੁਲਾਸਿਆਂ ਅਤੇ ਛਾਪਿਆਂ ਦੇ ਆਧਾਰ 'ਤੇ, ਕੈਮਿਸਟ, ਵਿਤਰਕ ਅਤੇ ਲੂਸੈਂਟ ਬਾਇਓਟੈਕ ਲਿਮਟਿਡ ਦੇ ਪਲਾਂਟ ਮੁਖੀ ਸਮੇਤ ਛੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਲੂਸੈਂਟ ਬਾਇਓਟੈਕ ਲਿਮਟਿਡ, ਰੁੜਕੀ ਦੇ ਪਲਾਂਟ ਮੈਨੇਜਰ ਹਰੀ ਕਿਸ਼ੋਰ ਅਤੇ ਰਿਕਾਲ ਲਾਈਫਸਾਇੰਸਿਜ਼, ਰੁੜਕੀ ਦੇ ਮਾਲਕ-ਕਮ-ਪਾਰਟਨਰ ਬਿਕਰਮ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਹੋਰ ਵਿਅਕਤੀਆਂ ਵਿੱਚ ਮਨੀਸ਼ ਕੁਮਾਰ ਅਰੋੜਾ, ਪੂਰਨ ਜਾਟਵ ਅਤੇ ਕਥੂਨੰਗਲ ਸਥਿਤ ਮੈਡੀਕਲ ਸਟੋਰ ਮਾਲਕ ਕੁਲਵਿੰਦਰ ਸਿੰਘ ਉਰਫ਼ ਕਿੰਦਾ ਸ਼ਾਮਲ ਹਨ।
ਡੀਜੀਪੀ ਨੇ ਦੱਸਿਆ ਕਿ ਜ਼ਬਤ ਕੀਤੀਆਂ ਗਈਆਂ 'ਟਰਾਕੇਮੀ-100' ਟ੍ਰਾਮਾਡੋਲ ਦੇ ਪੱਤਿਆਂ ਜਿਨ੍ਹਾਂ 'ਤੇ "ਸਿਰਫ਼ ਸਰਕਾਰੀ ਸਪਲਾਈ - ਵਿਕਰੀ ਲਈ ਨਹੀਂ" ਲਿਖਿਆ ਹੋਇਆ ਹੈ, ਗੰਭੀਰ ਚਿੰਤਾ ਦਾ ਵਿਸ਼ਾ ਹੈ ਜੋ ਕਿ ਮੈਡੀਕਲ ਸਟਾਕ ਦੀ ਗੈਰ-ਕਾਨੂੰਨੀ ਹੇਰਾਫੇਰੀ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਮੁੱਖ ਫਾਰਮਾ ਕੰਪਨੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਰਿਕਾਰਡਾਂ ਦੀ ਘੋਖ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
ਹੋਰ ਵੇਰਵੇ ਸਾਂਝੇ ਕਰਦਿਆਂ, ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਅਤੇ ਡਰੱਗ ਇੰਸਪੈਕਟਰਾਂ ਦੀ ਇੱਕ ਸਾਂਝੀ ਟੀਮ ਨੇ ਹਰਿਦੁਆਰ ਦੇ ਰੁੜਕੀ ਸਥਿਤ ਫਾਰਮਾ ਕੰਪਨੀਆਂ 'ਤੇ ਛਾਪਾ ਮਾਰਿਆ, ਜਿਸ ਦੌਰਾਨ ਬਿਨਾਂ ਲੇਬਲ ਟ੍ਰਾਮਾਡੋਲ ਦੀਆਂ 4,130 ਗੋਲੀਆਂ ਅਤੇ 325 ਕਿਲੋਗ੍ਰਾਮ ਗੈਰ-ਰਜਿਸਟਰਡ ਕੱਚਾ ਮਾਲ ਜ਼ਬਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਬਰਾਮਦਗੀ ਪਹਿਲਾਂ ਕੀਤੀ ਗਈ 70,335 ਗੋਲੀਆਂ ਅਤੇ 7.69 ਲੱਖ ਰੁਪਏ ਦੀ ਡਰੱਗ ਮਨੀ ਦੀ ਬਰਾਮਦਗੀ ਤੋਂ ਇਲਾਵਾ ਹੈ।
ਸੀਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਹਰੀ ਕਿਸ਼ੋਰ ਨੇ ਮੰਨਿਆ ਕਿ ਉਸ ਨੇ ਨਿਰਮਾਣ ਯੂਨਿਟ ਵਿੱਚ 'ਟਰਾਕੇਮੀ-100', ਟ੍ਰਾਮਾਡੋਲ ਟੈਬਲੇਟ ਦੇ ਪੱਤਿਆਂ 'ਤੇ ' ਸਿਰਫ਼ ਸਰਕਾਰੀ ਸਪਲਾਈ - ਵਿਕਰੀ ਲਈ ਨਹੀਂ' ਛਾਪਿਆ ਸੀ, ਅਤੇ ਹੁਣ ਉਸਨੇ ਉਸ ਮੋਹਰ ਨੂੰ ਨਸ਼ਟ ਕਰ ਦਿੱਤਾ ਹੈ। ਮੁਲਜ਼ਮ ਨੇ ਇਹ ਵੀ ਮੰਨਿਆ ਹੈ ਕਿ ਕਿਸੇ ਹੋਰ ਕਾਨੂੰਨੀ ਫਰਮ ਲਈ ਤਿਆਰ ਕੀਤੀ ਗਈ ਟ੍ਰਾਮਾਡੋਲ ਟੈਬਲੇਟ ਸਪਲਾਈ ਨੂੰ ਗੈਰ-ਕਾਨੂੰਨੀ ਤੌਰ 'ਤੇ ਰੁੜਕੀ ਦੇ ਰਿਕਾਲ ਲਾਈਫਸਾਇੰਸ ਨੂੰ ਵੇਚਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਫਾਰਮਾ ਓਪੀਔਡ ਸਪਲਾਈ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ।
ਇਸ ਸਬੰਧੀ ਤਹਿਤ ਐਫਆਈਆਰ ਨੰਬਰ 108 ਮਿਤੀ 16-7-2025 ਨੂੰ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਏ-ਡਵੀਜ਼ਨ ਵਿਖੇ ਐਨਡੀਪੀਐਸ ਐਕਟ ਦੀ ਧਾਰਾ 22, 27(ਏ), 29 ਅਤੇ 31 ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 223 ਤਹਿਤ ਦਰਜ ਕੀਤੀ ਗਈ ਹੈ।