Firozpur News: ਅਸੀਂ ਸਰਕਾਰ ਦੀ ਗੱਲ ਮੰਨ ਕੇ ਪਰਾਲੀ ਨੂੰ ਨਾ ਸਾੜ ਕੇ ਯੰਤਰ ਖਰੀਦੇ, ਪਰ ਹੁਣ ਸਾਨੂੰ ਸਬਸਿਡੀ ਦੇ ਪੈਸੇ ਨਹੀਂ ਮਿਲ ਰਹੇ। ਕਿਸਾਨ ਪਹਿਲਾਂ ਹੀ ਆਰਥਿਕ ਤੰਗੀ 'ਚ ਹੈ। ਜੇਕਰ ਇਹ ਸਬਸਿਡੀ ਜਲਦੀ ਨਾ ਮਿਲੀ ਤਾਂ ਅਸੀਂ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ।" ਕਿਸਾਨਾਂ ਦਾ ਕਹਿਣਾ ਹੈ ਕਿ ਸਬਸਿਡੀ ਦੀ ਉਮੀਦ 'ਚ ਉਨ੍ਹਾਂ ਨੇ ਕਰਜ਼ਾ ਲੈ ਕੇ ਸੰਦ ਖਰੀਦੇ, ਪਰ ਰਕਮ ਨਾ ਆਉਣ ਕਾਰਨ ਹਰ ਰੋਜ਼ ਵਾਧੂ ਬੋਝ ਸਹਿਣਾ ਪੈ ਰਿਹਾ ਹੈ।
Trending Photos
Firozpur News: ਫਿਰੋਜ਼ਪੁਰ ਦੇ ਐਗਰੀਕਲਚਰ ਦਫ਼ਤਰ ਅੱਗੇ ਅੱਜ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਉਹਨਾਂ ਕਿਸਾਨਾਂ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਸਰਕਾਰ ਦੇ ਕਹਿਣ 'ਤੇ ਪਰਾਲੀ ਨੂੰ ਅੱਗ ਨਾ ਲਾ ਕੇ ਸਬਸਿਡੀ ਵਾਲੇ ਯੰਤਰ ਖਰੀਦੇ ਸਨ, ਪਰ ਹਾਲੇ ਤੱਕ ਉਨ੍ਹਾਂ ਨੂੰ ਸਰਕਾਰੀ ਸਬਸਿਡੀ ਦੀ ਰਕਮ ਨਹੀਂ ਮਿਲੀ।
ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਬਸਿਡੀ 'ਤੇ ਨਵੀਨਤਮ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (CRM) ਮਸ਼ੀਨਰੀ ਪ੍ਰਦਾਨ ਕਰਨ ਅਤੇ ਝੋਨੇ ਦੀ ਪਰਾਲੀ ਦੇ ਕੁਸ਼ਲ ਪ੍ਰਬੰਧਨ ਲਈ ਹੋਰ ਰਣਨੀਤੀਆਂ ਲਾਗੂ ਕਰਨ ਲਈ 500 ਕਰੋੜ ਰੁਪਏ ਦੀ ਇੱਕ ਕਾਰਜ ਯੋਜਨਾ ਤਿਆਰ ਕੀਤੀ ਸੀ। ਜਿਸ ਵਿੱਚ ਰਾਜ ਨੇ CRM ਮਸ਼ੀਨਾਂ ਦੀ ਖਰੀਦ ਲਈ ਵਿਅਕਤੀਗਤ ਕਿਸਾਨਾਂ ਨੂੰ 50 ਪ੍ਰਤੀਸ਼ਤ ਸਬਸਿਡੀ ਅਤੇ ਕਿਸਾਨ ਸਮੂਹਾਂ, ਸਹਿਕਾਰੀ ਸਭਾਵਾਂ ਅਤੇ ਗ੍ਰਾਮ ਪੰਚਾਇਤਾਂ ਨੂੰ 80 ਪ੍ਰਤੀਸ਼ਤ ਸਬਸਿਡੀ ਦੀ ਪੇਸ਼ਕਸ਼ ਦਿੱਤੀ ਸੀ। ਸਬਸਿਡੀ ਦਾ ਲਾਭ ਉਠਾਉਣ ਲਈ, ਰਾਜ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਤੋਂ ਔਨਲਾਈਨ ਅਰਜ਼ੀਆਂ ਮੰਗੀਆਂ ਸੀ ਜੋ ਕਿ agrimachinerypb.com ਪੋਰਟਲ 'ਤੇ ਜਮ੍ਹਾਂ ਕਰਵਾਈਆਂ ਗਈਆਂ ਸਨ। ਇਸ ਪਹਿਲ ਦਾ ਉਦੇਸ਼ ਰਾਜ ਵਿੱਚ ਪਰਾਲੀ ਸਾੜਨ ਨੂੰ ਜ਼ੀਰੋ ਤੱਕ ਲਿਆਉਣਾ ਸੀ। ਜਿਸ ਵਿੱਚ ਪੰਜਾਬ ਸਰਕਾਰ ਕਾਫੀ ਹੱਦ ਤੱਕ ਸਫਲ ਵੀ ਰਹੀ।
ਕਿਸਾਨ ਆਗੂ ਨਰਿੰਦਰ ਜਟਾਣਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ, "ਅਸੀਂ ਸਰਕਾਰ ਦੀ ਗੱਲ ਮੰਨ ਕੇ ਪਰਾਲੀ ਨੂੰ ਨਾ ਸਾੜ ਕੇ ਯੰਤਰ ਖਰੀਦੇ, ਪਰ ਹੁਣ ਸਾਨੂੰ ਸਬਸਿਡੀ ਦੇ ਪੈਸੇ ਨਹੀਂ ਮਿਲ ਰਹੇ। ਕਿਸਾਨ ਪਹਿਲਾਂ ਹੀ ਆਰਥਿਕ ਤੰਗੀ 'ਚ ਹੈ। ਜੇਕਰ ਇਹ ਸਬਸਿਡੀ ਜਲਦੀ ਨਾ ਮਿਲੀ ਤਾਂ ਅਸੀਂ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ।" ਕਿਸਾਨਾਂ ਦਾ ਕਹਿਣਾ ਹੈ ਕਿ ਸਬਸਿਡੀ ਦੀ ਉਮੀਦ 'ਚ ਉਨ੍ਹਾਂ ਨੇ ਕਰਜ਼ਾ ਲੈ ਕੇ ਸੰਦ ਖਰੀਦੇ, ਪਰ ਰਕਮ ਨਾ ਆਉਣ ਕਾਰਨ ਹਰ ਰੋਜ਼ ਵਾਧੂ ਬੋਝ ਸਹਿਣਾ ਪੈ ਰਿਹਾ ਹੈ।
ਦੂਜੇ ਪਾਸੇ, ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਸਬਸਿਡੀ ਰਕਮ ਆਨਲਾਈਨ ਪੋਰਟਲ ਰਾਹੀਂ ਜਮ੍ਹਾਂ ਕਰਵਾਈ ਜਾਂਦੀ ਹੈ ਅਤੇ ਇਸ ਵਿੱਚ ਕੁਝ ਤਕਨੀਕੀ ਮੁਸ਼ਕਲਾਂ ਆ ਰਹੀਆਂ ਹਨ। ਜਿਵੇਂ ਹੀ ਇਹ ਮੁਸ਼ਕਲ ਹੱਲ ਹੋ ਜਾਂਦੀ ਹੈ, ਸਾਰੇ ਪੈਸੇ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚਾ ਦਿੱਤੇ ਜਾਣਗੇ।
ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਜਲਦੀ ਕਾਰਵਾਈ ਨਾ ਕੀਤੀ ਤਾਂ ਅਗਲਾ ਰੋਸ ਪ੍ਰਦਰਸ਼ਨ ਵੱਡੀ ਪੱਧਰ 'ਤੇ ਕੀਤਾ ਜਾਵੇਗਾ।